ਜ਼ੀਰਕਪੁਰ, 4 ਜਨਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਨਿਊ ਡਿਫੈਂਸ ਕਾਲੋਨੀ ਵਿਖੇ ਇਕ ਘਰ ਦੇ ਬਾਹਰ ਖੜ੍ਹੀ ਟਾਟਾ ਸਫਾਰੀ ਗੱਡੀ ਚੋਰੀ ਹੋਣ ਦੇ ਮਾਮਲੇ 'ਚ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਵਿਰੁੱਧ ਬੀ. ਐਨ. ਐਸ. ਦੀ ਧਾਰਾ 303 (2) ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਦਿੱਤੇ ਆਪਣੇ ਬਿਆਨ 'ਚ ਸ਼ਿਕਾਇਤਕਰਤਾ ਤੇਜਿੰਦਰ ਸਿੰਘ ਵਾਸੀ ਗ੍ਰੀਨ ਇਨਕਲੇਵ ਗ੍ਰੀਨ ਲੈਂਡ ਸੁਸਾਇਟੀ ਜ਼ੀਰਕਪੁਰ ਹਾਲ ਵਾਸੀ ਕਿਰਾਏਦਾਰ ਕੋਠੀ ਨੰ. 2-ਏ ਨਿਊ ਡਿਫੈਂਸ ਕਾਲੋਨੀ ਨੇ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਕੰਮ ਕਰਦਾ ਹੈ ਅਤੇ ਇਕ ਟਾਟਾ ਕਾਰ ਵਰਤਦਾ ਹੈ, ਜੋ ਉਸ ਦੇ ਪੁੱਤਰ ਗੁਰਸੇਵਕ ਸਿੰਘ ਦੇ ਨਾਂਅ 'ਤੇ ਰਜਿਸਟਰਡ ਹੈ | ਇਹ ਕਾਰ ਉਸ ਦੇ ਘਰ ਦੇ ਬਾਹਰ ਲੰਬੇ ਸਮੇਂ ਤੋਂ ਖੜ੍ਹੀ ਸੀ | ਉਸ ਨੇ ਦੱਸਿਆ ਕਿ ਬੀਤੀ 30 ਦਸੰਬਰ ਨੂੰ ਜਦੋਂ ਉਹ ਘਰੋਂ ਬਾਹਰ ਨਿਕਲਿਆ ਤਾਂ ਕਾਰ ਆਪਣੀ ਥਾਂ ਤੋਂ ਗਾਇਬ ਸੀ, ਜਦਕਿ ਕਾਰ ਦੀਆਂ ਦੋਵੇਂ ਚਾਬੀਆਂ ਉਸ ਕੋਲ ਸਨ | ਉਸ ਨੇ ਕਾਰ ਦੀ ਭਾਲ ਲਈ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ, ਜਿਸਦੀ ਫੁਟੇਜ ਤੋਂ ਪਤਾ ਲੱਗਾ ਕਿ ਕੁੱਝ ਅਣਪਛਾਤੇ ਵਿਅਕਤੀ ਇਕ ਆਲਟੋ ਕਾਰ 'ਚ ਆਏ ਸਨ, ਜਿਨ੍ਹਾਂ ਨੇ ਡਿੱਗੀ ਦਾ ਸ਼ੀਸ਼ਾ ਤੋੜ ਕੇ ਕਾਰ ਨੂੰ ਧੱਕਾ ਲਗਾ ਕੇ ਸਟਾਰਟ ਕਰ ਲਿਆ ਅਤੇ ਚੋਰੀ ਕਰ ਫ਼ਰਾਰ ਹੋ ਗਏ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਣਪਛਾਤੇ ਸ਼ੱਕੀਆਂ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ |