ਜ਼ੀਰਕਪੁਰ, 4 ਜਨਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਵਿਆਹ ਦਾ ਲਾਰਾ ਲਗਾ ਕੇ ਨਾਬਾਲਗ ਲੜਕੀਆਂ ਨੂੰ ਭਜਾਉਣ ਦੇ ਦੋ ਵੱਖ-ਵੱਖ ਮਾਮਲਿਆਂ 'ਚ ਦੋ ਜਣਿਆਂ ਖ਼ਿਲਾਫ਼ ਬੀ.ਐੱਨ.ਐੱਸ. ਦੀ. ਧਾਰਾ 137 (2) ਤੇ 96 ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪਹਿਲੇ ਮਾਮਲੇ ਵਿਚ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਨਾਬਾਲਗ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਪਿੰਡ ਅਮਾਨ ਖੇੜਾ ਜ਼ਿਲ੍ਹਾ ਤੇ ਥਾਣਾ ਉਨਾਯੂ ਹਾਲ ਵਾਸੀ ਬਲਟਾਣਾ ਜ਼ੀਰਕਪੁਰ ਦੀ ਰਹਿਣ ਵਾਲੀ ਹੈ ਅਤੇ ਉਹ ਤੇ ਉਸ ਦਾ ਪਤੀ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਚਾਰ ਬੱਚੇ ਹਨ, ਜਿਨ੍ਹਾਂ 'ਚੋਂ ਉਨ੍ਹਾਂ ਦੀ 15 ਸਾਲਾ ਨਾਬਾਲਗ ਲੜਕੀ ਬੀਤੀ 27 ਦਸੰਬਰ ਨੂੰ ਸਵੇਰੇ 10 ਵਜੇ ਘਰੋਂ ਬਾਹਰ ਘੁੰਮਣ ਗਈ ਸੀ, ਪਰ ਰਾਤ ਤੱਕ ਵਾਪਿਸ ਨਹੀਂ ਆਈ | ਇਸ ਦੌਰਾਨ ਉਨ੍ਹਾਂ ਨੇ ਆਪਣੀ ਲੜਕੀ ਦੀ ਰਿਸ਼ਤੇਦਾਰਾਂ ਤੇ ਉਸ ਦੀਆਂ ਸਹੇਲੀਆਂ ਕੋਲੋਂ ਵੀ ਪੁੱਛਗਿੱਛ ਕੀਤੀ, ਪਰ ਉਨ੍ਹਾਂ ਨੂੰ ਲੜਕੀ ਬਾਰੇ ਕੁਝ ਵੀ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਮਹਿਲਾ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੀ ਲੜਕੀ ਨੂੰ ਕੋਈ ਅਣਪਛਾਤਾ ਵਿਅਕਤੀ ਵਿਆਹ ਦਾ ਝਾਂਸਾ ਲਾ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ | ਇਸੇ ਤਰ੍ਹਾਂ ਦੂਜਾ ਮਾਮਲਾ ਵੀ ਬਲਟਾਣਾ ਖੇਤਰ ਨਾਲ ਜੁੜਿਆ ਹੋਇਆ ਹੈ, ਜਿਸ ਵਿਚ 15 ਸਾਲਾ ਨਬਾਲਗ ਲੜਕੀ ਦੇ ਪਿਤਾ ਨੇ ਪੁਲਿਸ ਕੋਲ ਇਕ ਨੌਜਵਾਨ ਖ਼ਿਲਾਫ਼ ਉਸਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਭਜਾ ਕੇ ਲੈ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਬੀਤੀ 31 ਦਸੰਬਰ ਨੂੰ ਉਹ ਤੇ ਉਸ ਦੀ ਪਤਨੀ ਕੰਮ 'ਤੇ ਚਲੇ ਗਏ ਸਨ, ਜਦਕਿ ਉਸ ਦੇ ਬੱਚੇ ਘਰ 'ਚ ਹੀ ਮੌਜੂਦ ਸਨ | ਇਸ ਦੌਰਾਨ ਜਦੋਂ ਉਹ ਸ਼ਾਮ 6 ਵਜੇ ਦੇ ਕਰੀਬ ਵਾਪਿਸ ਘਰ ਆਇਆ ਤਾਂ ਉਸ ਦੀ 15 ਸਾਲਾ ਨਾਬਾਲਗ ਲੜਕੀ ਘਰ ਵਿਚ ਨਹੀਂ ਸੀ ਜੋ ਕਿਧਰੇ ਚਲੀ ਗਈ ਸੀ | ਉਸ ਨੇ ਆਪਣੇ ਤੌਰ 'ਤੇ ਰਿਸ਼ਤੇਦਾਰਾਂ ਤੇ ਹੋਰ ਪਾਸੇ ਉਸ ਦੀ ਭਾਲ ਕੀਤੀ, ਪਰ ਉਸ ਦਾ ਕਿਤੇ ਵੀ ਪਤਾ ਨਹੀਂ ਲੱਗਿਆ, ਜਿਸ ਤੋਂ ਬਾਅਦ ਉਸ ਨੇ ਥਾਣੇ 'ਚ ਆਪਣੀ ਸ਼ਿਕਾਇਤ ਦਰਜ ਕਰਵਾਈ | ਉਸਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਲੜਕੀ ਨੂੰ ਸ਼ਿਵਾਸ਼ੂ ਨਾਮਕ ਲੜਕਾ ਵਰਗਲਾ ਕੇ ਆਪਣੇ ਨਾਲ ਲੈ ਕੇ ਗਿਆ ਹੈ, ਕਿਉਂਕਿ ਇਹ ਲੜਕਾ ਪਹਿਲਾਂ ਵੀ ਉਸਦੀ ਲੜਕੀ ਨਾਲ ਗੱਲਬਾਤ ਕਰਦਾ ਰਹਿੰਦਾ ਸੀ | ਪੁਲਿਸ ਨੇ ਉਸ ਦੇ ਬਿਆਨ ਦੇ ਆਧਾਰ 'ਤੇ ਉਕਤ ਲੜਕੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |