ਚੰਡੀਗੜ੍ਹ, 4 ਜਨਵਰੀ (ਕਪਿਲ ਵਧਵਾ) -ਨੈੱਟ ਪਲੱਸ ਬ੍ਰਾਡਬੈਂਡ ਸੇਵਾਵਾਂ ਦੀ ਡੀਲਰਸ਼ਿਪ ਦੇ ਨਾਮ 'ਤੇ 30 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਸੈਕਟਰ-19 ਚੰਡੀਗੜ੍ਹ ਵਿਖੇ ਧਾਰਾ 420 ਆਈ. ਪੀ. ਸੀ. ਤਹਿਤ ਐੱਫ. ਆਈ. ਆਰ. ਦਰਜ ਕਰਕੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਮਿੰਦਰ ਸਿੰਘ ਗਿੱਲ ਵਾਸੀ ਸੈਕਟਰ-51(ਏ) ਚੰਡੀਗੜ੍ਹ ਨੇ ਦੋਸ਼ ਲਗਾਇਆ ਹੈ ਕਿ ਅਮਿਤ ਕਪੂਰ ਵਾਸੀ ਸੈਕਟਰ-20 (ਸੀ) ਚੰਡੀਗੜ੍ਹ ਨੇ ਉਸ ਨੂੰ ਨੈੱਟ ਪਲੱਸ ਬ੍ਰਾਡਬੈਂਡ ਦੀ ਡੀਲਰਸ਼ਿਪ ਤੇ ਭਾਗੀਦਾਰੀ ਦਿਵਾਉਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਹੜਪ ਲਏ | ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਨੇ ਆਪਣੇ ਆਪ ਨੂੰ ਨੈੱਟਪਲੱਸ ਬ੍ਰਾਡਬੈਂਡ ਦਾ ਡੀਲਰ ਦੱਸਦੇ ਹੋਏ ਸਾਂਝੇਦਾਰੀ ਦਾ ਵਾਅਦਾ ਕੀਤਾ ਅਤੇ ਇਸ ਸਬੰਧ ਵਿਚ ਦੋਨਾਂ ਧਿਰਾਂ ਵਲੋਂ ਸਾਲ 2024 ਵਿਚ ਇਕ ਐਫਿਡੇਵਿਟ ਰਾਹੀਂ ਸਮਝੌਤਾ ਵੀ ਕੀਤਾ ਗਿਆ | ਹਾਲਾਂਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਮਿਤ ਕਪੂਰ ਜੋਂ ਕਿ ਆਈਸਕ੍ਰੀਮ ਦਾ ਕੰਮ ਕਰਦਾ ਹੈ ਤੇ ਉਸਦੇ ਕੋਲ ਖੁਦ ਦੇ ਨਾਮ ਤੇ ਨੈੱਟਪਲੱਸ ਬ੍ਰਾਡਬੈਂਡ ਦੀ ਕੋਈ ਡੀਲਰਸ਼ਿਪ ਨਹੀਂ ਸੀ ਅਤੇ ਕੀਤਾ ਗਿਆ ਸਮਝੌਤਾ ਧੋਖਾਧੜੀ 'ਤੇ ਅਧਾਰਿਤ ਹੋਣ ਕਰਕੇ ਅਵੈਧ ਅਤੇ ਰੱਦਯੋਗ ਪਾਇਆ ਗਿਆ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਮੁਲਜ਼ਮ ਦੀ ਅਸਲ ਭੂਮਿਕਾ ਸਹਿਤ ਪੈਸਿਆਂ ਦੀ ਲੈਣ-ਦੇਣ ਸਬੰਧੀ ਪੂਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ | ਜਾਂਚ ਪੂਰੀ ਹੋਣ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |