ਚੰਡੀਗੜ੍ਹ, 5 ਜਨਵਰੀ (ਕਪਿਲ ਵਧਵਾ)-ਚੰਡੀਗੜ੍ਹ ਦੇ ਮੌਲੀਜਾਗਰਾਂ ਵਿਖੇ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਕਰੀਬ 2:30 ਵਜੇ ਕੁਝ ਸ਼ਰਾਰਤੀ ਅਨਸਰਾਂ ਨੇ 8 ਚਾਰ ਪਹੀਆਂ ਵਾਹਨਾਂ ਦੀ ਭੰਨਤੋੜ ਕੀਤੀ ਹੈ, ਜਿਨ੍ਹਾਂ 'ਚ ਸ਼ਾਮਲ ਮਹਿੰਗੀਆਂ ਗੱਡੀਆਂ 'ਚੋਂ ਇਕ ਫਾਰਚੂਨਰ ਅਤੇ ਸਕਾਰਪੀਓ ਗੱਡੀ ਵਾਰਡ ਨੰਬਰ-8 ਦੇ ਮਿੳਾੁਸੀਪਲ ਕੌਂਸਲਰ ਹਰਜੀਤ ਸਿੰਘ ਦੀ ਹੈ, ਇਸ ਤੋਂ ਇਲਾਵਾ ਇਕ ਕੀਆ ਸੋੋਨੇਟ, ਇਕ ਸਵਿਫਟ, 2 ਆਲਟੋ ਗੱਡੀਆਂ ਸਮੇਤ ਭਾਰ ਢੋਹਨ ਵਾਲੀਆਂ ਟਾਟਾ ਏਸ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ | ਇਸ ਵਾਰਦਾਤ ਵਿਚ ਸ਼ਰਾਰਤੀ ਅਨਸਰਾਂ ਨੇ ਇੱਟਾਂ ਆਦਿ ਨਾਲ ਵਾਹਨਾਂ ਦੇ ਸ਼ੀਸ਼ੇ ਭੰਨਦਿਆਂ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ | ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕੌਂਸਲਰ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਸਗੋਂ ਬੀਤੇ ਕਰੀਬ ਇਕ ਮਹੀਨੇ ਵਿਚ ਅਜਿਹਾ ਤੀਸਰੀ ਹੋਇਆ ਹੈ ਜਦੋਂ ਹੁੱਲੜਬਾਜ਼ਾਂ ਨੇ ਇਲਾਕੇ ਵਿਚ ਨਸ਼ਾ ਕਰਕੇ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਰੌਲਾ-ਰੱਪਾਂ ਪਾਇਆ | ਉਨ੍ਹਾਂ ਕਿਹਾ ਕਿ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਸਥਾਨਕ ਲੋਕਾਂ ਅਤੇ ਉਨ੍ਹਾਂ ਵਲੋਂ ਇਹ ਅਪੀਲ ਕੀਤੀ ਗਈ ਕਿ ਇਲਾਕੇ ਵਿਚ ਦੇਰ ਰਾਤ ਗਸ਼ਤ ਨੂੰ ਵਧਾਇਆ ਜਾਵੇ ਅਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਈ ਜਾਵੇ ਪਰੰਤੂ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ | ਤਾਜ਼ਾ ਘਟਨਾ ਦੇ ਸੰਬੰਧ ਵਿਚ ਥਾਣਾ ਮੌਲੀਜਾਗਰਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਆਈ. ਜੀ. ਪੁਸ਼ਪੇਂਦਰ ਕੁਮਾਰ ਨਾਲ ਹੀ ਕੌਂਸਲਰ ਵਲੋਂ ਮੁਲਾਕਾਤ ਕੀਤੀ ਗਈ ਹੈ, ਜਿਨ੍ਹਾਂ ਨੇ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਵਾਇਆ ਹੈ | ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਸਥਾਨਕਾ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਨਾਲ ਮੁੜ ਦਹਿਸ਼ਤ ਵਿਚ ਆ ਗਏ ਹਨ ਅਤੇ ਘਰ ਦੇ ਬਾਹਰ ਗੱਡੀ ਖੜ੍ਹੀ ਕਰਨ ਤੋਂ ਡਰ ਰਹੇ ਹਨ |