ਚੰਡੀਗੜ੍ਹ, 5 ਜਨਵਰੀ (ਸੁਖਵਿੰਦਰ ਸਿੰਘ ਸ਼ਾਨ)-ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਜਨਮ ਦਿਨ ਸੈਕਟਰ-33 ਚੰਡੀਗੜ੍ਹ ਵਿਖੇ ਮਨਾਇਆ ਗਿਆ | ਆਪਣੇ ਘਰ ਵਿਚ ਪ੍ਰਸੰਸਕਾਂ ਨਾਲ ਘਿਰੇ ਗੁਰਦਾਸ ਮਾਨ ਨੇ 68ਵੇਂ ਜਨਮ ਦਿਨ ਦਾ ਕੇਕ ਕੱਟ ਕੇ ਆਪਣੀ ਖੁਸ਼ੀ ਦੇ ਪੱਲ ਸਾਂਝੇ ਕੀਤੇ | ਆਪਣੇ ਸ਼ੁੱਭਚਿੰਤਕਾਂ ਦੀਆਂ ਸ਼ੁੱਭ ਕਾਮਨਾਵਾਂ ਕਬੂਲ ਕਰਦਿਆਂ ਗੁਰਦਾਸ ਮਾਨ ਨੇ ਆਪਣੇ ਜੀਵਨ ਦੀਆਂ ਯਾਦਗਾਰਾਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ | ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗਾਇਕੀ, ਸੰਗੀਤ ਅਤੇ ਅਦਾਕਾਰੀ ਦੀ ਦੁਨੀਆ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਵਾਲੇ ਗੁਰਦਾਸ ਮਾਨ ਕਦੇ ਪੰਜਾਬ ਬਿਜਲੀ ਬੋਰਡ ਛੋਟੀ ਜਿਹੀ ਨੌਕਰੀ ਕਰਦੇ ਸਨ | ਸਾਲ 1980 'ਚ ਕਿਸੇ ਨੇ ਉਨ੍ਹਾਂ ਨੂੰ ਸਟੇਜ 'ਤੇ ਲਾਈਵ 'ਦਿਲ ਦਾ ਮਾਮਲਾ' ਗਾਉਂਦੇ ਦੇਖਿਆ ਅਤੇ ਦੂਰਦਰਸ਼ਨ ਲਈ ਗਾਉਣ ਲਈ ਬੁਲਾਇਆ | ਗੁਰਦਾਸ ਮਾਨ ਦਾ ਜਿਵੇਂ ਹੀ ਦੂਰਦਰਸ਼ਨ 'ਤੇ ਗੀਤ 'ਦਿਲ ਦਾ ਮਾਮਲਾ ਹੈ' ਆਇਆ ਤਾਂ ਰਾਤੋ-ਰਾਤ ਉਹ ਸਟਾਰ ਬਣ ਗਏ | ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 23 ਸਾਲ ਸੀ | ਅੱਜ ਵੀ ਉਨ੍ਹਾਂ ਦੇ ਕਈ ਗੀਤ ਲੋਕਾਂ ਵਿਚ ਮਕਬੂਲ ਹਨ | ਉਹ ਹੁਣ ਤੱਕ 300 ਤੋਂ ਵੱਧ ਗੀਤ ਲਿਖ ਚੁੱਕੇ ਹਨ | ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਗੁਰਦੇਵ ਸਿੰਘ ਤੇ ਤੇਜ ਕੌਰ ਦੇ ਘਰ ਹੋਇਆ | ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਵੀ ਇੱਥੋਂ ਹੀ ਪੂਰੀ ਕੀਤੀ | ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ | ਹੁਣ ਤੱਕ ਉਹ 34 ਤੋਂ ਵੱਧ ਐਲਬਮਾਂ ਰਿਕਾਰਡ ਕਰਾ ਚੁੱਕੇ ਹਨ | ਸਾਲ 1986 'ਚ ਉਨ੍ਹਾਂ ਦੀ ਫਿਲਮ 'ਲੌਂਗ ਦਾ ਲਿਸਕਾਰਾ' ਕਾਫ਼ੀ ਹਿੱਟ ਸਾਬਤ ਹੋਈ ਸੀ | ਬਤੌਰ ਅਭਿਨੇਤਾ, ਪੰਜਾਬੀ ਤੋਂ ਇਲਾਵਾ, ਉਨ੍ਹਾਂ ਨੇ ਹਿੰਦੀ ਅਤੇ ਤਾਮਿਲ ਫਿਲਮਾਂ ਵਿਚ ਵੀ ਕੰਮ ਕੀਤਾ ਹੈ |