22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਠੰਢ ਦੌਰਾਨ ਕੋਈ ਵੀ ਵਿਅਕਤੀ ਖੁੱਲ੍ਹੇ ਅਸਮਾਨ ਹੇਠ ਰਾਤ ਗੁਜ਼ਾਰਨ ਲਈ ਮਜਬੂਰ ਨਾ ਹੋਵੇ- ਰਾਜਪਾਲ ਕਟਾਰੀਆ

Ad Position 21
No active advertisement
ਅਜੀਤ ਡੈਸਕ 06-01-2026
ਚੰਡੀਗੜ੍ਹ, 5 ਜਨਵਰੀ (ਸੰਦੀਪ ਕੁਮਾਰ ਮਾਹਨਾ)-ਕੜਾਕੇ ਦੀ ਠੰਢ ਦੇ ਮੱਦੇਨਜ਼ਰ ਬੇਘਰ ਤੇ ਲੋੜਵੰਦ ਲੋਕਾਂ ਨੂੰ ਮਿਲ ਰਹੀ ਰਾਹਤ ਦੇ ਇੰਤਜ਼ਾਮਾਂ ਦੀ ਹਕੀਕਤ ਜਾਂਚਣ ਲਈ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਨਾਈਟ ਸ਼ੈਲਟਰਾਂ ਦਾ ਅਚਾਨਕ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਜੀ.ਐਮ.ਐਸ.ਐਚ ਸੈਕਟਰ-32 ਅਤੇ 16, ਸੈਕਟਰ 12 ਸਥਿਤ ਪੀ. ਜੀ. ਆਈ. ਐੱਮ. ਈ. ਆਰ. ਅਤੇ ਆਈ.ਐੱਸ.ਬੀ.ਟੀ. ਸੈਕਟਰ-17 ਵਿਖੇ ਬਣਾਏ ਗਏ ਰੈਣ ਬਸੇਰਿਆਂ ਦੀ ਜਾਂਚ ਕਰਕੇ ਉੱਥੇ ਮੌਜੂਦ ਸੁਵਿਧਾਵਾਂ ਦਾ ਜਾਇਜ਼ਾ ਲਿਆ | ਇਸ ਦੌਰੇ ਦੌਰਾਨ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਵੀ ਪ੍ਰਸ਼ਾਸਕ ਦੇ ਨਾਲ ਮੌਜੂਦ ਸਨ | ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਅਸਥਾਈ ਅਤੇ ਵਾਟਰ ਪਰੂਫ਼ ਨਾਈਟ ਸ਼ੈਲਟਰ ਸਥਾਪਿਤ ਕੀਤੇ ਗਏ ਹਨ, ਜਿੱਥੇ ਠੰਢ ਤੋਂ ਬਚਾਅ ਲਈ ਗੱਦੇਦਾਰ ਕਾਰਪੇਟ, ਰਜਾਈਆਂ, ਗੱਦੇ, ਸਰਾਣਿਆਂ, ਕੰਬਲ, ਬਿਜਲੀ ਕੁਨੈਕਸ਼ਨ, ਪੀਣ ਵਾਲਾ ਪਾਣੀ, ਪਖਾਨਿਆਂ ਅਤੇ ਅੱਗ ਤੋਂ ਸੁਰੱਖਿਆ ਦੀਆਂ ਵਿਆਪਕ ਵਿਵਸਥਾਵਾਂ ਕੀਤੀਆਂ ਗਈਆਂ ਹਨ | ਜਾਂਚ ਦੌਰਾਨ ਪ੍ਰਸ਼ਾਸਕ ਨੇ ਬਿਸਤਰਿਆਂ, ਕੰਬਲਾਂ, ਰੌਸ਼ਨੀ, ਪੀਣ ਵਾਲੇ ਪਾਣੀ, ਸਫ਼ਾਈ ਅਤੇ ਪਖਾਨਿਆਂ ਸਮੇਤ ਸਮੂਹ ਇੰਤਜ਼ਾਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਸਖ਼ਤ ਸਰਦੀ ਦੇ ਇਸ ਮੌਸਮ 'ਚ ਕੋਈ ਵੀ ਲੋੜਵੰਦ ਵਿਅਕਤੀ ਬਿਨਾਂ ਸੁਰੱਖਿਆ ਦੇ ਨਾ ਰਹੇ ਤੇ ਸ਼ੈਲਟਰਾਂ ਵਿਚ ਕੰਬਲਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ | ਪ੍ਰਸ਼ਾਸਕ ਕਟਾਰੀਆ ਨੇ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੈਣ ਬਸੇਰਿਆਂ 'ਚ ਰਹਿ ਰਹੇ ਲੋਕਾਂ ਦੀ ਇੱਜ਼ਤ, ਸੁਰੱਖਿਆ ਤੇ ਆਰਾਮ ਦਾ ਪੂਰਾ ਧਿਆਨ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਲਈ ਸਮਾਜ ਦੇ ਸਭ ਤੋਂ ਗ਼ਰੀਬ ਅਤੇ ਲੋੜਵੰਦ ਵਰਗ ਦੀ ਸੰਭਾਲ ਅਤੇ ਮਦਦ ਸਭ ਤੋਂ ਪ੍ਰਾਥਮਿਕਤਾ ਵਾਲਾ ਕੰਮ ਹੈ | ਇਸ ਤੋਂ ਇਲਾਵਾ ਪ੍ਰਸ਼ਾਸਕ ਨੇ ਰੈਣ ਬਸੇਰਿਆਂ ਦੀ ਨਿਯਮਤ ਨਿਗਰਾਨੀ, ਉੱਥੇ ਰਹਿਣ ਵਾਲਿਆਂ ਦੀ ਗਿਣਤੀ 'ਤੇ ਨਜ਼ਰ ਰੱਖਣ ਅਤੇ ਵਿਵਸਥਾਵਾਂ ਦੇ ਸੁਚੱਜੇ ਰੱਖ-ਰਖਾਅ ਲਈ ਵੀ ਦਿਸ਼ਾ-ਨਿਰਦੇਸ਼ ਦਿੱਤੇ | ਉਨ੍ਹਾਂ ਨਗਰ ਨਿਗਮ, ਸਿਹਤ ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਵਿਚਕਾਰ ਬਿਹਤਰ ਤਾਲਮੇਲ ਨਾਲ ਕੰਮ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕੜਾਕੇ ਦੀ ਠੰਢ ਦੌਰਾਨ ਕੋਈ ਵੀ ਵਿਅਕਤੀ ਖੁੱਲ੍ਹੇ ਆਕਾਸ਼ ਹੇਠ ਰਾਤ ਗੁਜ਼ਾਰਨ ਲਈ ਮਜਬੂਰ ਨਾ ਹੋਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਕੈਲੰਡਰ-2026 ਕੀਤਾ ਜਾਰੀ ਅਗਲੀ ਖ਼ਬਰ ਗੁਰਦਾਸ ਮਾਨ ਨੇ 68ਵਾਂ ਜਨਮ ਦਿਨ ਮਨਾਇਆ ਚੰਡੀਗੜ੍ਹ ਸਥਿਤ ਘਰ 'ਚ ਲੱਗਿਆ ਪ੍ਰਸੰਸਕਾਂ ਦਾ ਜਮਾਵੜਾ
Ad Position 24