ਚੰਡੀਗੜ੍ਹ, 5 ਜਨਵਰੀ (ਸੰਦੀਪ ਕੁਮਾਰ ਮਾਹਨਾ)-ਸ਼ਹਿਰ 'ਚ ਕੂੜੇ ਦੀ ਸਰੋਤ 'ਤੇ ਪੂਰੀ ਛਾਂਟ ਲਾਗੂ ਕਰਨ ਦੇ ਮਕਸਦ ਨਾਲ ਨਗਰ ਨਿਗਮ ਚੰਡੀਗੜ੍ਹ (ਐੱਮ.ਸੀ.ਸੀ.) ਵਲੋਂ ਦੱਖਣੀ ਸੈਕਟਰਾਂ ਅਤੇ ਪਿੰਡਾਂ 'ਚ ਘਰ-ਘਰ ਜਾ ਕੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਨਿਵਾਸੀਆਂ ਨੂੰ ਕੂੜਾ ਛਾਂਟਣ ਦੇ ਨਿਯਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਘਰੇਲੂ ਪੱਧਰ 'ਤੇ ਪਾਲਣਾ ਯਕੀਨੀ ਬਣਾਉਣ ਲਈ ਵਿਸਤਿ੍ਤ ਸਰਵੇਖਣ ਵੀ ਕੀਤਾ ਜਾ ਰਿਹਾ ਹੈ | ਨਗਰ ਨਿਗਮ ਵਲੋਂ ਚਲਾਈ ਜਾ ਰਹੀ ਇਸ ਮੁਹਿੰਮ ਅਧੀਨ ਸੈੱਲਫ਼ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰ ਹਰ ਘਰ ਦਾ ਦੌਰਾ ਕਰ ਰਹੀਆਂ ਹਨ ਤੇ ਲੋਕਾਂ ਨੂੰ ਘਰੇਲੂ ਕੂੜੇ ਨੂੰ ਗਿੱਲਾ, ਸੁੱਕਾ, ਸੈਨੇਟਰੀ ਅਤੇ ਹਾਨੀਕਾਰਕ ਕੂੜਾ ਚਾਰ ਸ਼੍ਰੇਣੀਆਂ 'ਚ ਛਾਂਟਣ ਦੀ ਸਹੀ ਵਿਧੀ ਬਾਰੇ ਜਾਗਰੂਕ ਕਰ ਰਹੀਆਂ ਹਨ | ਇਸ ਮੌਕੇ ਘਰ-ਘਰ ਪੱਤਰ ਵੀ ਵੰਡੇ ਜਾ ਰਹੇ ਹਨ, ਜਿਨ੍ਹਾਂ 'ਚ ਕੂੜਾ ਛਾਂਟ ਸੰਬੰਧੀ ਸਾਰੀਆਂ ਜ਼ਰੂਰੀ ਹਦਾਇਤਾਂ ਦਰਜ ਹਨ | ਮੁਹਿੰਮ ਦੌਰਾਨ ਨਿਵਾਸੀਆਂ ਨੂੰ ਇਹ ਵੀ ਸਪੱਸ਼ਟ ਤੌਰ 'ਤੇ ਦੱਸਿਆ ਜਾ ਰਿਹਾ ਹੈ ਕਿ ਜੇ ਘਰੇਲੂ ਕੂੜੇ ਦੀ ਛਾਂਟ ਨਹੀਂ ਕੀਤੀ ਗਈ ਤਾਂ ਨਗਰ ਨਿਗਮ ਵਲੋਂ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਬਿਨਾਂ ਛਾਂਟਿਆ ਹੋਇਆ ਕੂੜਾ ਡੋਰ-ਟੂ-ਡੋਰ ਕਲੈਕਸ਼ਨ ਸਟਾਫ਼ ਵਲੋਂ ਨਹੀਂ ਉਠਾਇਆ ਜਾਵੇਗਾ | ਨਿਗਮ ਅਧਿਕਾਰੀਆਂ ਅਨੁਸਾਰ ਇਸ ਕਦਮ ਦਾ ਮਕਸਦ ਨਾਗਰਿਕਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਤੇ ਟਿਕਾਊ ਕੂੜਾ ਪ੍ਰਬੰਧਨ ਵੱਲ ਵਿਹਾਰਕ ਬਦਲਾਅ ਲਿਆਉਣਾ ਹੈ | ਇਸ ਦੇ ਨਾਲ ਹੀ ਦੱਖਣੀ ਸੈਕਟਰਾਂ ਅਤੇ ਪਿੰਡਾਂ 'ਚ ਘਰ-ਘਰ ਸਰਵੇਖਣ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਪਰਿਵਾਰ ਨਗਰ ਨਿਗਮ ਦੇ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਠੀਕ ਤਰੀਕੇ ਨਾਲ ਛਾਂਟਿਆ ਹੋਇਆ ਕੂੜਾ ਹੀ ਸੌਂਪ ਰਿਹਾ ਹੈ | ਇਸ ਸਰਵੇਖਣ ਲਈ ਐੱਸ. ਐੱਚ. ਜੀ. ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਹਰ ਇਕ ਘਰ ਤੱਕ ਪਹੁੰਚ ਕਰਕੇ ਮੁਹਿੰਮ ਦੀ ਪੂਰੀ ਕਵਰੇਜ ਯਕੀਨੀ ਬਣਾਉਣਗੀਆਂ | ਨਿਗਮ ਅਧਿਕਾਰੀਆਂ ਮੁਤਾਬਿਕ ਇਹ ਵਿਆਪਕ ਜਾਗਰੂਕਤਾ ਅਤੇ ਸਰਵੇਖਣ ਮੁਹਿੰਮ ਨਾਲ ਦੱਖਣੀ ਖੇਤਰਾਂ ਵਿਚ ਪੂਰੀ ਤਰ੍ਹਾਂ ਛਾਂਟਿਆ ਹੋਇਆ ਕੂੜਾ ਇਕੱਠਾ ਹੋਵੇਗਾ, ਜਿਸ ਨਾਲ ਕੂੜੇ ਦੀ ਢਲਾਈ, ਪ੍ਰਕਿਰਿਆ ਕਰਨ ਅਤੇ ਵਿਗਿਆਨਕ ਨਿਪੱਤੀ ਆਸਾਨ ਹੋਵੇਗੀ | ਇਸ ਨਾਲ ਸ਼ਹਿਰ ਦੀ ਸਫ਼ਾਈ ਵਿਵਸਥਾ 'ਚ ਸੁਧਾਰ ਆਵੇਗਾ ਅਤੇ ਚੰਡੀਗੜ੍ਹ ਨੂੰ ਹੋਰ ਸਾਫ਼, ਸਿਹਤਮੰਦ ਤੇ ਟਿਕਾਊ ਸ਼ਹਿਰ ਬਣਾਉਣ ਵਿਚ ਮੱਦਦ ਮਿਲੇਗੀ |