ਚੰਡੀਗੜ੍ਹ ਮੇਅਰ ਚੋਣਾਂ : ਟੁੱਟੀ ਵਿਰੋਧੀ ਏਕਤਾ, ਬਗ਼ਾਵਤਾਂ ਤੇ ਅਹੰਕਾਰ ਨੇ ਭਾਜਪਾ ਲਈ ਵਿਛਾਇਆ ਸੱਤਾ ਦਾ 'ਰੈੱਡ ਕਾਰਪੇਟ' <br/>
ਅਜੀਤ ਡੈਸਕ
24-01-2026
ਮੇਅਰ ਅਹੁਦੇ ਲਈ 19 ਵੋਟਾਂ ਦੀ ਲੋੜ ਹੈ, ਪਰ ਗਿਣਤੀ ਦੇ ਅੰਕੜੇ ਹੀ ਵਿਰੋਧੀ ਪਾਰਟੀਆਂ ਦੀ ਸਿਆਸੀ ਹਕੀਕਤ ਬਿਆਨ ਕਰ ਰਹੇ ਹਨ | ਕਾਂਗਰਸ, ਜੋ ਕਦੇ ਚੰਡੀਗੜ੍ਹ ਦੀ ਸਿਆਸਤ 'ਚ ਮਜ਼ਬੂਤ ਹਾਜ਼ਰੀ ਰੱਖਦੀ ਸੀ, ਅੱਜ ਸਿਰਫ਼ 6 ਕੌਂਸਲਰਾਂ ਅਤੇ ਇਕ ਸੰਸਦ ਮੈਂਬਰ ਦੀ ਵੋਟ ਤੱਕ ਸਿਮਟ ਕੇ ਰਹਿ ਗਈ ਹੈ | ਸੱਤ ਵੋਟਾਂ ਨਾਲ ਮੇਅਰ ਬਣਾਉਣ ਦੀ ਸੋਚ ਕਾਂਗਰਸ ਦੀ ਜ਼ਮੀਨ ਤੋਂ ਕੱਟੀ ਹੋਈ ਸਿਆਸਤ ਨੂੰ ਦਰਸਾਉਂਦੀ ਹੈ | ਜਦਕਿ ਆਮ ਆਦਮੀ ਪਾਰਟੀ, ਜੋ ਆਪਣੇ ਆਪ ਨੂੰ ਸ਼ਹਿਰੀ ਸਿਆਸਤ ਦੀ ਨਵੀਂ ਤਾਕਤ ਵਜੋਂ ਪੇਸ਼ ਕਰਦੀ ਰਹੀ ਹੈ, 12 ਕੌਂਸਲਰ ਹੋਣ ਦੇ ਬਾਵਜੂਦ ਵੀ ਮੇਅਰ ਅਹੁਦੇ ਤੋਂ ਸੱਤ ਵੋਟਾਂ ਦੂਰ ਹੈ | ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਆਪ ਦੀ ਸਿਆਸਤ ਅੰਦਰੂਨੀ ਅਸੰਤੋਸ਼ ਅਤੇ ਬਗਾਵਤੀ ਸੁਰਾਂ ਨਾਲ ਘਿਰ ਚੁੱਕੀ ਹੈ | ਇਸ ਦੇ ਉਲਟ, ਭਾਜਪਾ ਬਿਨਾਂ ਵੱਡੇ ਬਿਆਨਾਂ ਅਤੇ ਨਾਟਕੀ ਦਾਅਵਿਆਂ ਦੇ ਸਿਆਸੀ ਗਣਿਤ ਨੂੰ ਆਪਣੇ ਹੱਕ 'ਚ ਮੋੜਦੀ ਨਜ਼ਰ ਆ ਰਹੀ ਹੈ | 18 ਕੌਂਸਲਰਾਂ ਨਾਲ ਭਾਜਪਾ ਨੂੰ ਮੇਅਰ ਦੀ ਕੁਰਸੀ ਲਈ ਸਿਰਫ਼ ਇਕ ਵੋਟ ਦੀ ਲੋੜ ਹੈ | ਇਹ ਸਥਿਤੀ ਭਾਜਪਾ ਦੀ ਤਾਕਤ ਨਾਲੋਂ ਵਧੇਰੇ ਵਿਰੋਧੀ ਪਾਰਟੀਆਂ ਦੀ ਨਾਕਾਮੀ ਨੂੰ ਬਿਆਨ ਕਰਦੀ ਹੈ | 'ਆਪ' ਦੀ ਅੰਦਰੂਨੀ ਸਿਆਸਤ ਉਸ ਸਮੇਂ ਪੂਰੀ ਤਰਾਂ ਬੇਨਕਾਬ ਹੋ ਗਈ, ਜਦੋਂ ਕੌਂਸਲਰ ਰਾਮ ਚੰਦਰ ਯਾਦਵ ਨੇ ਪਾਰਟੀ ਤੋਂ ਵੱਖ ਹੋ ਕੇ ਡਿਪਟੀ ਮੇਅਰ ਅਹੁਦੇ ਲਈ ਆਜ਼ਾਦ ਤੌਰ 'ਤੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ | ਰਾਮ ਚੰਦਰ ਯਾਦਵ ਦੇ ਡਿਪਟੀ ਮੇਅਰ ਅਹੁਦੇ ਲਈ ਨਾਮਜ਼ਦਗੀ ਪੱਤਰ ਭਰੇ ਜਾਣ ਤੋਂ ਬਾਅਦ ਮੇਅਰ ਚੋਣਾਂ ਨੂੰ ਲੈ ਕੇ ਸਾਰੇ ਸਿਆਸੀ ਸਮੀਕਰਨ ਬਦਲ ਗਏ ਹਨ | ਇਹ ਸਿਰਫ਼ ਇਕ ਬਗ਼ਾਵਤ ਨਹੀਂ, ਸਗੋਂ 'ਆਪ' ਦੇ ਅੰਦਰ ਪਨਪ ਰਹੀ ਨਾਰਾਜ਼ਗੀ ਅਤੇ ਨੇਤਿ੍ਤਵ 'ਤੇ ਘਟਦੇ ਭਰੋਸੇ ਦੀ ਖੁੱਲ੍ਹੀ ਗਵਾਹੀ ਹੈ | ਜੇਕਰ 'ਆਪ' ਆਪਣੇ ਹੀ ਕੌਂਸਲਰਾਂ ਨੂੰ ਇਕਜੁੱਟ ਨਹੀਂ ਰੱਖ ਸਕੀ ਤਾਂ ਭਾਜਪਾ ਨੂੰ ਰੋਕਣ ਦੀ ਗੱਲ ਸਿਰਫ਼ ਨਾਅਰਾ ਹੀ ਰਹਿ ਜਾਵੇਗੀ | ਇਸ ਬਗਾਵਤ ਨੇ ਮੇਅਰ ਹੀ ਨਹੀਂ, ਸਗੋਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦਾ ਗਣਿਤ ਵੀ ਉਲਟਾ ਕੇ ਰੱਖ ਦਿੱਤਾ ਹੈ |
ਕਾਂਗਰਸ ਦੀ ਖਾਮੋਸ਼ੀ ਵੀ ਘੱਟ ਸਵਾਲ ਨਹੀਂ ਖੜੇ ਕਰਦੀ | 'ਵੇਟ ਐਂਡ ਵਾਚ' ਦੀ ਨੀਤੀ ਹੁਣ ਰਣਨੀਤੀ ਨਹੀਂ, ਸਗੋਂ ਸਿਆਸੀ ਅਸਹਾਇਤਾ ਦਾ ਪ੍ਰਤੀਕ ਬਣਦੀ ਜਾ ਰਹੀ ਹੈ | ਕਾਂਗਰਸ ਜਾਣਦੀ ਹੈ ਕਿ ਬਿਨਾਂ 'ਆਪ' ਦੇ ਸਹਿਯੋਗ ਦੇ ਉਹ ਅਸਰਦਾਰ ਭੂਮਿਕਾ ਨਹੀਂ ਨਿਭਾ ਸਕਦੀ, ਪਰ 'ਆਪ' ਨਾਲ ਸਾਂਝ ਬਣਾਉਣ ਲਈ ਭਰੋਸੇ ਦੀ ਜ਼ਮੀਨ ਹੀ ਖਿਸਕ ਚੁੱਕੀ ਹੈ | ਮੇਅਰ ਚੋਣਾਂ ਚੰਡੀਗੜ੍ਹ ਦੀ ਸ਼ਹਿਰੀ ਸਿਆਸਤ ਲਈ ਇਕ ਵੱਡਾ ਮੋੜ ਹਨ | ਇਹ ਸਾਬਤ ਕਰ ਰਹੀਆਂ ਹਨ ਕਿ ਜੇ ਵਿਰੋਧੀ ਪਾਰਟੀਆਂ ਸਿਰਫ਼ ਅਹੰਕਾਰ ਅਤੇ ਅੰਦਰੂਨੀ ਲੜਾਈਆਂ ਵਿਚ ਉਲਝੀਆਂ ਰਹੀਆਂ ਤਾਂ ਭਾਜਪਾ ਨੂੰ ਰੋਕਣ ਲਈ ਕਿਸੇ ਵੱਡੀ ਰਣਨੀਤੀ ਦੀ ਲੋੜ ਹੀ ਨਹੀਂ ਪਵੇਗੀ |
ਚੰਡੀਗੜ੍ਹ ਮੇਅਰ ਚੋਣਾਂ ਅੱਜ ਸਿਰਫ਼ ਇਕ ਅਹੁਦੇ ਦੀ ਲੜਾਈ ਨਹੀਂ ਰਹੀਆਂ | ਇਹ ਵਿਰੋਧੀ ਸਿਆਸਤ ਦੀ ਭਰੋਸੇਯੋਗਤਾ, ਇਕਜੁੱਟਤਾ ਅਤੇ ਭਵਿੱਖ 'ਤੇ ਸਿੱਧਾ ਸਵਾਲ ਬਣ ਕੇ ਖੜੀਆਂ ਹਨ | ਜੇ ਆਖਰੀ ਪਲ 'ਤੇ ਕੋਈ ਅਚਾਨਕ ਸਿਆਸੀ ਧਮਾਕਾ ਨਹੀਂ ਹੁੰਦਾ ਤਾਂ ਇਹ ਚੋਣਾਂ ਇਤਿਹਾਸ 'ਚ ਉਸ ਮਿਸਾਲ ਵਜੋਂ ਦਰਜ ਹੋਣਗੀਆਂ, ਜਿੱਥੇ ਵਿਰੋਧੀ ਪਾਰਟੀਆਂ ਨੇ ਆਪਣੀ ਕਮਜ਼ੋਰੀ ਨਾਲ ਖੁਦ ਹੀ ਭਾਜਪਾ ਲਈ ਸੱਤਾ ਦਾ ਰਸਤਾ ਸਾਫ਼ ਕਰ ਦਿੱਤਾ ਹੈ |
ਵਿਰੋਧੀ ਪਾਰਟੀਆਂ ਲਈ ਚਿਤਾਵਨੀ ਦੀ ਘੰਟੀ- ਕੁੱਲ ਮਿਲਾ ਕੇ ਚੰਡੀਗੜ੍ਹ ਮੇਅਰ ਚੋਣਾਂ ਵਿਰੋਧੀ ਪਾਰਟੀਆਂ ਲਈ ਚਿਤਾਵਨੀ ਹਨ | ਸਿਰਫ਼ ਭਾਜਪਾ ਵਿਰੋਧੀ ਹੋਣਾ ਹੀ ਕਾਫ਼ੀ ਨਹੀਂ, ਜਦ ਤੱਕ ਇਕਜੁੱਟ ਰਣਨੀਤੀ, ਅੰਦਰੂਨੀ ਅਨੁਸ਼ਾਸਨ ਤੇ ਸਪੱਸ਼ਟ ਨੇਤਿ੍ਤਵ ਨਾ ਹੋਵੇ | ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਵਾਰ ਇਹ ਮੌਕਾ ਗੁਆ ਦਿੱਤਾ ਜਾਪਦਾ ਹੈ | ਸਿਆਸਤ 'ਚ ਖਾਲੀ ਥਾਂ ਹਮੇਸ਼ਾ ਕੋਈ ਨਾ ਕੋਈ ਭਰ ਹੀ ਦਿੰਦਾ ਹੈ ਅਤੇ ਇਸ ਵਾਰ ਉਹ ਥਾਂ ਭਾਜਪਾ ਲਈ ਖੁੱਲ੍ਹੀ ਛੱਡ ਦਿੱਤੀ ਗਈ ਹੈ |