ਐੱਸ. ਏ. ਐੱਸ. ਨਗਰ, 25 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਜਾਨ ਗਵਾਉਣ ਵਾਲੇ 15 ਸਾਲਾਂ ਬੱਚੇ ਤਰਨਜੋਤ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਦੁੱਖ ਦੀ ਘੜੀ 'ਚੋਂ ਲੰਘ ਰਹੇ ਪਰਿਵਾਰ ਨਾਲ ਹਮਦਰਦੀ ਜਤਾਉਣ ਦੇ ਨਾਲ-ਨਾਲ ਸਰਕਾਰ ਤੇ ਅਫ਼ਸਰਸ਼ਾਹੀ ਨੂੰ ਵੀ ਘੇਰਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਇਕ ਧਾਗਾ, ਜੋ ਲੋਕਾਂ ਨੂੰ ਮੌਤ ਦੇ ਮੂੰਹ 'ਚ ਧਕੇਲ ਰਿਹਾ ਹੈ ਅਤੇ ਦੁਕਾਨਾਂ 'ਤੇ ਸਰੇਆਮ ਵਿੱਕ ਰਿਹਾ ਹੈ, ਨੂੰ ਰੋਕ ਨਹੀਂ ਪਾ ਰਹੀ ਤਾਂ ਇਹ ਨਸ਼ਿਆਂ ਨੂੰ ਕਿਥੋਂ ਰੋਕ ਲਵੇਗੀ | ਬੀਬੀ ਰਾਮੂਵਾਲੀਆ ਨੇ ਸਮੂਹ ਪੰਜਾਬੀਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਪੰਛੀਆਂ ਅਤੇ ਮਨੁੱਖੀ ਜਾਨਾਂ ਨੂੰ ਵੱਡਾ ਖ਼ਤਰਾ ਹੈ ਤੇ ਇਸ ਡੋਰ ਕਾਰਨ ਆਏ ਦਿਨ ਘਰਾਂ ਦੇ ਚਿਰਾਗ਼ ਬੁੱਝ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਇਸ ਨੂੰ ਸਰਕਾਰ ਦੀ ਵੱਡੀ ਨਾਲਾਇਕੀ ਮੰਨਦੇ ਹਨ ਤੇ ਮੰਗ ਕਰਦੇ ਹਨ ਕਿ ਜਿਹੜੇ ਅਫ਼ਸਰ ਇਸ ਮੌਤ ਦੇ ਧੰਦੇ ਨੂੰ ਰੋਕਣ ਦੀ ਥਾਂ ਆਪਣੇ ਲਾਲਚ ਲਈ ਇਸ ਨੂੰ ਸ਼ਹਿ ਦੇ ਰਹੇ ਹਨ, ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | 25 ਐਮਓਐਚ 27