ਚੰਡੀਗੜ੍ਹ, 25 ਜਨਵਰੀ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਵਲੋਂ ਸੜਕ ਕਿਨਾਰੇ ਵਪਾਰ ਕਰਨ ਵਾਲੇ ਵੈਂਡਰਾਂ ਲਈ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ | ਮੇਅਰ ਹਰਪ੍ਰੀਤ ਕੌਰ ਬਬਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਬਕਾਇਆ ਰਕਮ ਜਮ੍ਹਾਂ ਨਾ ਕਰਵਾਉਣ ਕਾਰਨ ਰੱਦ ਕੀਤੇ ਗਏ ਵੈਂਡਿੰਗ ਲਾਇਸੈਂਸਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਕੌਂਸਲਰ ਭਾਜਪਾ ਵਲੋਂ ਮੇਅਰ ਅਹੁਦੇ ਦੇ ਉਮੀਦਵਾਰ ਸੌਰਭ ਜੋਸ਼ੀ ਸਮੇਤ ਨਿਗਮ ਦੇ ਸੰਬੰਧਿਤ ਅਧਿਕਾਰੀ ਵੀ ਹਾਜ਼ਰ ਰਹੇ | ਇਸ ਦੌਰਾਨ 136 ਪ੍ਰਭਾਵਿਤ ਵੈਂਡਰਾਂ ਵਲੋਂ ਦਿੱਤੀਆਂ ਅਪੀਲਾਂ 'ਤੇ ਵਿਚਾਰ ਕਰਨ ਉਪਰੰਤ ਮੇਅਰ ਵਲੋਂ ਡਿਫ਼ਾਲਟਰ ਵੈਂਡਰਾਂ ਨੂੰ ਇਕ ਵਾਰਗੀ ਆਖਰੀ ਮੌਕਾ ਦੇਣ ਦਾ ਐਲਾਨ ਕੀਤਾ ਗਿਆ | ਫ਼ੈਸਲੇ ਅਨੁਸਾਰ ਡਿਫ਼ਾਲਟਰ ਵੈਂਡਰਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਆਪਣੀ ਪੂਰੀ ਬਕਾਇਆ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ | ਨਿਰਧਾਰਤ ਸਮੇਂ ਅੰਦਰ ਰਕਮ ਜਮ੍ਹਾਂ ਕਰਵਾਉਣ 'ਤੇ ਉਨ੍ਹਾਂ ਦੇ ਵੈਂਡਿੰਗ ਲਾਇਸੈਂਸ ਮੁੜ ਬਹਾਲ ਕਰ ਦਿੱਤੇ ਜਾਣਗੇ | ਮੇਅਰ ਹਰਪ੍ਰੀਤ ਕੌਰ ਬਾਬਲਾ ਨੇ ਸਪਸ਼ਟ ਕੀਤਾ ਕਿ ਜੋ ਵੈਂਡਰ ਨਿਰਧਾਰਤ ਮਿਆਦ ਅੰਦਰ ਆਪਣੀ ਬਕਾਇਆ ਰਕਮ ਜਮ੍ਹਾਂ ਨਹੀਂ ਕਰਵਾਉਣਗੇ, ਉਨ੍ਹਾਂ ਦੇ ਵੈਂਡਿੰਗ ਲਾਇਸੈਂਸ ਸਦੀਵੀ ਤੌਰ 'ਤੇ ਰੱਦ ਮੰਨੇ ਜਾਣਗੇ ਅਤੇ ਇਸ ਮਾਮਲੇ ਵਿਚ ਕੋਈ ਹੋਰ ਵਾਧਾ ਨਹੀਂ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਿਗਮ ਸੜਕ ਕਿਨਾਰੇ ਵਪਾਰ ਕਰਨ ਵਾਲੇ ਲੋਕਾਂ ਦੀ ਜੀਵਿਕਾ ਦੀ ਸੁਰੱਖਿਆ ਲਈ ਸੰਵੇਦਨਸ਼ੀਲ ਹੈ, ਪਰ ਨਾਲ ਹੀ ਵਿੱਤੀ ਅਨੁਸ਼ਾਸਨ, ਜਵਾਬਦੇਹੀ ਅਤੇ ਸ਼ਹਿਰ 'ਚ ਨਾਗਰਿਕ ਵਿਵਸਥਾ ਬਣਾਈ ਰੱਖਣਾ ਵੀ ਲਾਜ਼ਮੀ ਹੈ | ਉਨ੍ਹਾਂ ਦੁਹਰਾਇਆ ਕਿ ਡਿਫ਼ਾਲਟਰ ਵੈਂਡਰਾਂ ਲਈ ਇਹ ਇਕ ਵਾਰਗੀ ਆਖਰੀ ਮੌਕਾ ਹੈ |