ਚੰਡੀਗੜ੍ਹ, 25 ਜਨਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਵਿਖੇ ਕੈਂਪਸ ਵਿਚ ਆਉਣ ਵਾਲੇ ਸੈਲਾਨੀਆਂ ਦੇ ਦਾਖ਼ਲੇ ਨੂੰ ਨਿਯਮਤ ਕਰਨ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ | ਇਸ ਮੌਕੇ ਯੂਨੀਵਰਸਿਟੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੇਟ ਨੰਬਰ 3 ਰਾਹੀਂ ਬਾਹਰੀ ਲੋਕਾਂ ਦੇ ਕੈਂਪਸ ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ | ਇਹ ਗੇਟ ਸਿਰਫ਼ ਪੰਜਾਬ ਯੂਨੀਵਰਸਿਟੀ ਦੇ ਫੈਕਲਟੀ, ਸਟਾਫ਼ ਅਤੇ ਸਮਰੱਥ ਅਧਿਕਾਰੀ ਦੁਆਰਾ ਜਾਰੀ ਕੀਤੇ ਗਏ ਵੈਧ ਸਟਿੱਕਰ ਜਾਂ ਪਾਸ ਰੱਖਣ ਵਾਲੇ ਵਿਦਿਆਰਥੀਆਂ ਲਈ ਰਾਖਵਾਂ ਹੋਵੇਗਾ | ਸੁਰੱਖਿਆ ਕਰਮਚਾਰੀਆਂ ਦੁਆਰਾ ਲੋੜੀਂਦੀ ਤਸਦੀਕ ਤੋਂ ਬਾਅਦ ਬਾਹਰੀ ਲੋਕਾਂ ਨੂੰ ਸਿਰਫ ਗੇਟ ਨੰਬਰ 1 ਅਤੇ ਗੇਟ ਨੰਬਰ 2 ਰਾਹੀਂ ਕੈਂਪਸ ਵਿਚ ਦਾਖਲ ਹੋਣ ਦੀ ਆਗਿਆ ਹੋਵੇਗੀ | ਸੈਲਾਨੀਆਂ ਨੂੰ ਗੇਟ 'ਤੇ ਐਂਟਰੀ ਰਜਿਸਟਰ ਵਿਚ ਆਪਣੇ ਨਿੱਜੀ ਵੇਰਵੇ ਦਰਜ ਕਰਨ ਦੀ ਲੋੜ ਹੋਵੇਗੀ ਅਤੇ ਐਂਟਰੀ ਪੁਆਇੰਟ 'ਤੇ ਆਪਣਾ ਰਜਿਸਟਰੇਸ਼ਨ ਸਰਟੀਫਿਕੇਟ (ਆਰਸੀ) ਜਾਂ ਡਰਾਈਵਿੰਗ ਲਾਇਸੈਂਸ ਜਮ੍ਹਾ ਕਰਨ ਲਈ ਵੀ ਕਿਹਾ ਜਾ ਸਕਦਾ ਹੈ |