ਚੰਡੀਗੜ੍ਹ, 27 ਜਨਵਰੀ (ਸੰਦੀਪ ਕੁਮਾਰ ਮਾਹਨਾ)-ਗਣਤੰਤਰ ਦਿਹਾੜੇ 'ਤੇ ਨਗਰ ਨਿਗਮ ਚੰਡੀਗੜ੍ਹ ਵਲੋਂ ਸੈਕਟਰ-17 ਸਥਿਤ ਨਿਗਮ ਦਫ਼ਤਰ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕੌਮੀ ਝੰਡਾ ਲਹਿਰਾਇਆ | ਸਮਾਰੋਹ 'ਚ ਨਿਗਮ ਕਮਿਸ਼ਨਰ ਅਮਿਤ ਕੁਮਾਰ, ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ, ਕੌਂਸਲਰ, ਨਿਗਮ ਅਧਿਕਾਰੀ, ਕਰਮਚਾਰੀ ਅਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਰਹੀਆਂ | ਇਸ ਦੌਰਾਨ ਮੇਅਰ ਤੇ ਕਮਿਸ਼ਨਰ ਵਲੋਂ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ, ਇੰਜੀਨੀਅਰਿੰਗ, ਬਾਗ਼ਬਾਨੀ, ਇਲੈਕਟ੍ਰੀਕਲ, ਵੈਟਰਨਰੀ, ਸਫ਼ਾਈ, ਅੱਗ-ਬੁਝਾਓ ਤੇ ਐਮਰਜੈਂਸੀ ਸੇਵਾਵਾਂ, ਟਰਾਂਸਪੋਰਟ ਅਤੇ ਫ਼ੀਲਡ ਸਰਵਿਸਿਜ਼ ਨਾਲ ਸੰਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ (ਨਿਯਮਿਤ, ਆਊਟਸੋਰਸ ਅਤੇ ਦਿਹਾੜੀਦਾਰ) ਨੂੰ ਉਨ੍ਹਾਂ ਦੀ ਇਮਾਨਦਾਰੀ ਤੇ ਲੋਕ ਸੇਵਾ ਲਈ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਕਈ ਗੈਰ ਸਰਕਾਰੀ ਸਮਾਜਿਕ ਸੰਸਥਾਵਾਂ, ਸਮਾਜਿਕ ਕਾਰਕੰੁਨਾਂ, ਅਧਿਆਪਕਾਂ, ਵਿਦਿਆਰਥੀਆਂ, ਖਿਡਾਰੀਆਂ, ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਸੇਵਕਾਂ ਨੂੰ ਸਮਾਜਿਕ ਭਲਾਈ, ਵਾਤਾਵਰਨ ਸੁਰੱਖਿਆ, ਸਿੱਖਿਆ, ਸਿਹਤ, ਖੇਡਾਂ, ਕਲਾ, ਸਭਿਆਚਾਰ ਅਤੇ ਕਮਿਊਨਿਟੀ ਵਿਕਾਸ ਦੇ ਖੇਤਰ ਵਿਚ ਵਿਲੱਖਣ ਯੋਗਦਾਨ ਲਈ ਸਨਮਾਨ ਦਿੱਤਾ ਗਿਆ | ਸਮਾਰੋਹ ਨੂੰ ਸੰਬੋਧਨ ਕਰਦਿਆਂ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸਾਰੇ ਸਨਮਾਨ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਿਸ਼ਕਾਮ ਸੇਵਾ ਸ਼ਹਿਰ ਅਤੇ ਨਾਗਰਿਕਾਂ ਦੀ ਭਲਾਈ ਲਈ ਪ੍ਰੇਰਣਾ ਸਰੋਤ ਹਨ | ਉਨ੍ਹਾਂ ਕਿਹਾ ਕਿ ਨਗਰ ਨਿਗਮ ਚੰਡੀਗੜ੍ਹ ਵਲੋਂ ਸਮਾਰਟ ਸੇਵਾਵਾਂ, ਟਿਕਾਊ ਹੱਲਾਂ ਅਤੇ ਕੁਦਰਤ ਨਾਲ ਸੰਤੁਲਨ ਬਣਾਈ ਰੱਖਦੇ ਹੋਏ ਵਿਕਾਸ ਦੇ ਰਾਹ 'ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ |
ਮੇਅਰ ਨੇ ਸਾਲ 2025 ਨੂੰ ਸੇਵਾ, ਸੁਧਾਰ ਅਤੇ ਨਵਚੇਤਨਾ ਦਾ ਸਾਲ ਦੱਸਦਿਆਂ ਕਿਹਾ ਕਿ ਸੀਮਤ ਸਰੋਤਾਂ ਦੇ ਬਾਵਜੂਦ ਨਾਗਰਿਕ ਕੇਂਦਰਿਤ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ | ਸ਼ਹਿਰ ਦੀ ਪਛਾਣ ਨੂੰ ਮਜ਼ਬੂਤ ਕਰਦਿਆਂ 1.31 ਲੱਖ ਤੋਂ ਵੱਧ ਦਰੱਖ਼ਤ ਅਤੇ ਬੂਟੇ ਲਗਾਏ ਗਏ, ਸੈਕਟਰ 24 'ਚ ਪਾਰਕਵਿਊ ਹੋਟਲ ਨੇੜੇ ਨਵਾਂ ਪਾਰਕ ਤਿਆਰ ਕੀਤਾ ਗਿਆ ਅਤੇ ਗੋਲ ਚੱਕਰਾਂ, ਗ੍ਰੀਨ ਬੈਲਟਾਂ ਤੇ ਜਨਤਕ ਥਾਵਾਂ ਦੀ ਸੁੰਦਰਤਾ ਵਧਾਈ ਗਈ | ਇਕ ਰੁਪਏ ਸਟੋਰਾਂ ਅਤੇ ਸਵੈ-ਸਹਾਇਤਾ ਸਮੂਹਾਂ ਰਾਹੀਂ ਗ਼ਰੀਬਾਂ ਦੀ ਮਦਦ ਅਤੇ ਮਹਿਲਾਵਾਂ ਨੂੰ ਸਸ਼ਕਤ ਕਰਨ ਦੇ ਯਤਨ ਜਾਰੀ ਹਨ | ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਨਮਾਨ ਪ੍ਰਕਿਰਿਆ ਨਾਲ ਨਾ ਸਿਰਫ਼ ਕਰਮਚਾਰੀਆਂ ਦੇ ਕੰਮ ਦੀ ਕਦਰ ਹੁੰਦੀ ਹੈ, ਸਗੋਂ ਹੋਰਾਂ ਨੂੰ ਵੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਸੇਵਾ ਕਰਨ ਲਈ ਪ੍ਰੇਰਨਾ ਮਿਲਦੀ ਹੈ |
ਪੀ. ਜੀ. ਆਈ 'ਚ ਗਣਤੰਤਰ ਦਿਵਸ ਮਨਾਇਆ
ਚੰਡੀਗੜ੍ਹ, (ਮਾਰਕੰਡਾ)-ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਝੰਡਾ ਲਹਿਰਾਉਣਾ ਦੀ ਰਸਮ ਅਦਾ ਕੀਤੀ ਅਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਆਪਣੇ ਸੰਬੋਧਨ ਵਿਚ ਪ੍ਰੋ. ਵਿਵੇਕ ਲਾਲ ਡਾਇਰੈਕਟਰ ਨੇ ਆਪਰੇਸ਼ਨ ਸਿੰਦੂਰ ਵਿਚ ਪੀ.ਜੀ.ਆਈ ਦੇ ਮੁੱਖ ਯੋਗਦਾਨ ਨੂੰ ਉਜਾਗਰ ਕੀਤਾ | ਆਪਰੇਸ਼ਨ ਸਿੰਦੂਰ ਦੌਰਾਨ ਜ਼ਮੀਨੀ ਪੱਧਰ 'ਤੇ ਤਾਇਨਾਤ ਡਰਾਈਵਰਾਂ, ਨਰਸਿੰਗ ਅਫਸਰਾਂ, ਰੈਜ਼ੀਡੈਂਟ ਡਾਕਟਰਾਂ ਅਤੇ ਹੋਰ ਸਿਹਤ ਸੰਭਾਲ ਕਰਮਚਾਰੀਆਂ ਨੂੰ ਉਨ੍ਹਾਂ ਦੀ ਵਚਨਬੱਧਤਾ, ਹਿੰਮਤ ਅਤੇ ਪੇਸ਼ੇਵਰਤਾ ਲਈ ਸਲਾਮ ਕੀਤਾ | ਗਣਤੰਤਰ ਦਿਵਸ ਨੂੰ ਸੰਵਿਧਾਨਕ ਜ਼ਿੰਮੇਵਾਰੀ ਦੀ ਯਾਦ ਦਿਵਾਉਂਦੇ ਵਧਦੇ ਮਰੀਜ਼ਾਂ ਦੇ ਭਾਰ ਅਤੇ ਪ੍ਰਣਾਲੀਗਤ ਚੁਣੌਤੀਆਂ ਦੇ ਬਾਵਜੂਦ ਪੀ.ਜੀ.ਆਈ ਹਮੇਸ਼ਾ ਅੱਗੇ ਤੋਂ ਅਗਵਾਈ ਕਰਦਾ ਰਹੇਗਾ | ਮਰੀਜ਼ਾਂ ਦਾ ਭਾਰ ਇੱਕ ਬੋਝ ਨਹੀਂ ਹੈ, ਸਗੋਂ ਇੱਕ ਜ਼ਿੰਮੇਵਾਰੀ ਹੈ ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹਰੇਕ ਮਰੀਜ਼ ਲਈ ਬਰਾਬਰ, ਨੈਤਿਕ ਅਤੇ ਵਿਸ਼ਵ ਪੱਧਰੀ ਦੇਖਭਾਲ ਨੂੰ ਯਕੀਨੀ ਬਣਾ ਕੇ ਆਪਣੇ ਸੰਵਿਧਾਨਕ ਫ਼ਰਜ਼ ਨੂੰ ਮਜ਼ਬੂਤ ਕਰਦੇ ਰਹਿੰਦੇ ਹਨ | ਟਰਾਂਸਪਲਾਂਟੇਸ਼ਨ ਕੇਸ ਦਾ ਹਵਾਲਾ ਦਿੰਦੇ ਹੋਏ ਪ੍ਰੋ. ਲਾਲ ਨੇ ਗੁਰਦੇ ਅਤੇ ਗੁੰਝਲਦਾਰ ਅੰਗ ਟਰਾਂਸਪਲਾਂਟੇਸ਼ਨ ਵਿਚ ਪੀ.ਜੀ.ਆਈ. ਦੀ ਅਗਵਾਈ ਨੂੰ ਰੇਖਾਂਕਿਤ ਕੀਤਾ | ਗੁਰਦੇ ਟਰਾਂਸਪਲਾਂਟੇਸ਼ਨ ਅਤੇ ਉੱਨਤ ਅੰਗ ਟਰਾਂਸਪਲਾਂਟ ਵਿਚ ਇੱਕ ਰਾਸ਼ਟਰੀ ਪੱਧਰ ਉਭਾਰ ਪੈਂਦਾ ਕੀਤਾ ਹੈ | ਜੋ ਵਿਸ਼ਵ ਪੱਧਰ 'ਤੇ ਸਭ ਤੋਂ ਵਧੀਆ ਕੇਂਦਰਾਂ ਦੇ ਮੁਕਾਬਲੇ ਨਤੀਜੇ ਪ੍ਰਦਾਨ ਕੀਤੇ ਹਨ | ਰੈਜ਼ੀਡੈਂਟ ਡਾਕਟਰਾਂ ਨੂੰ ਪੀ.ਜੀ.ਆਈ ਦਾ 'ਕਰਤਾ-ਧਰਤਾ' ਮੰਨਦੇ ਹੋਏ, ਉਨ੍ਹਾਂ ਦੀਆਂ ਅਸਲ ਚਿੰਤਾਵਾਂ ਅਤੇ ਮੰਗਾਂ ਨੂੰ ਸੰਸਥਾਗਤ ਤਰੀਕਿਆਂ ਨਾਲ ਹੱਲ ਕੀਤਾ ਜਾਵੇਗਾ | ਡਾਇਰੈਕਟਰ ਨੇ ਇਹ ਵੀ ਕਿਹਾ ਕਿ ਤਜਰਬੇਕਾਰ ਸਾਬਕਾ ਸੈਨਿਕਾਂ ਨੂੰ ਕੈਂਪਸ ਸੁਰੱਖਿਆ ਸੇਵਾਵਾਂ ਵਿਚ ਸ਼ਾਮਲ ਕਰਨ ਨਾਲ ਅਨੁਸ਼ਾਸਨ, ਸੁਰੱਖਿਆ ਅਤੇ ਪ੍ਰਤੀਕਿਰਿਆ ਤਿਆਰੀ ਵਿਚ ਕਾਫ਼ੀ ਵਾਧਾ ਹੋਇਆ ਹੈ | ਸਾਰੰਗਪੁਰ ਵਿਖੇ ਅਡਾਨੀ ਗਰੁੱਪ ਵਲੋਂ 6,000 ਵਰਗ ਮੀਟਰ ਜ਼ਮੀਨ 'ਤੇ ਪੀ.ਜੀ.ਆਈ ਨੂੰ ਮੁਫ਼ਤ ਵਿਚ ਵਿਸ਼ਰਾਮ ਸਦਨ ਦੀ ਪਹਿਲਕਦਮੀ ਦਾ ਵੀ ਸਵਾਗਤ ਕੀਤਾ | ਡਾਇਰੈਕਟਰ ਨੇ ਪੀ.ਜੀ.ਆਈ ਤੋਂ ਸਾਰੰਗਪੁਰ ਤੱਕ ਇੱਕ ਭੂਮੀਗਤ ਸੁਰੰਗ ਦੀ ਯੋਜਨਾ ਦਾ ਐਲਾਨ ਕੀਤਾ | ਆਪਣੇ ਸੰਬੋਧਨ ਦੀ ਸਮਾਪਤੀ ਦੌਰਾਨ ਸੰਸਥਾ ਦੇ ਡਾਕਟਰਾਂ ਨੂੰ ਸਲਾਮ ਕੀਤਾ ਅਤੇ ਤਰੱਕੀ ਦੇ ਮੋਹਰੀ ਵਜੋਂ ਖੋਜ ਪ੍ਰਤੀ ਪੀ.ਜੀ.ਆਈ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ |
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਗਣਤੰਤਰ ਦਿਵਸ ਮਨਾਇਆ
ਚੰਡੀਗੜ੍ਹ, (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੈਂਪਸ ਵਿਖੇ ਗਣਤੰਤਰ ਦਿਵਸ ਦੇਸ਼ ਭਗਤੀ 'ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪੀ.ਯੂ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਰਾਸ਼ਟਰੀ ਝੰਡਾ ਲਹਿਰਾਇਆ | ਆਸਟੇ੍ਰਲੀਆ ਦੀ ਕਰਟਿਨ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀ, ਫੈਕਲਟੀ ਮੈਂਬਰਾਂ ਦੀ ਮੌਜੂਦਗੀ ਦੇਖੀ ਗਈ | ਯੂਨੀਵਰਸਿਟੀ ਦੀਆਂ ਅਕਾਦਮਿਕ ਅਤੇ ਖੋਜ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਪ੍ਰੋ. ਵਿਗ ਨੇ ਪੀ. ਯੂ. ਦੇ 31,000 ਤੋਂ ਵੱਧ ਉੱਚ-ਪ੍ਰਭਾਵ ਵਾਲੇ ਖੋਜ ਪ੍ਰਕਾਸ਼ਨਾਂ, 272 ਦਾ ਕੁੱਲ ਐੱਚ-ਇੰਡੈਕਸ ਅਤੇ ਸਟੈਨਫੋਰਡ-ਐਲਸੇਵੀਅਰ ਗਲੋਬਲ ਟੌਪ 2 ਪ੍ਰਤੀਸ਼ਤ ਵਿਗਿਆਨੀਆਂ ਦੀ ਸੂਚੀ 2025 ਵਿਚ ਸ਼ਾਮਲ 51 ਫੈਕਲਟੀ ਮੈਂਬਰਾਂ ਅਤੇ ਖੋਜਕਰਤਾਵਾਂ ਦਾ ਹਵਾਲਾ ਦਿੱਤਾ | ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ 1++ ਗ੍ਰੇਡ ਅਤੇ ਯੂ.ਜੀ.ਸੀ ਸ਼੍ਰੇਣੀ-9 ਦਾ ਦਰਜਾ ਪ੍ਰਾਪਤ ਕੀਤਾ ਹੈ | ਇਸ ਤੋਂ ਇਲਾਵਾ ਕਿਉ.ਐਸ ਟਾਈਮਜ਼ ਹਾਇਰ ਐਜੂਕੇਸ਼ਨ, ਐਨ.ਆਈ.ਆਰ.ਐੱਫ., ਸੀ.ਡਬਲਿਓ.ਯੂ.ਆਰ, ਯੂ.ਐੱਸ. ਨਿਊਜ਼ ਸਮੇਤ ਗਲੋਬਲ ਅਤੇ ਰਾਸ਼ਟਰੀ ਦਰਜਾਬੰਦੀ ਵਿਚ ਆਪਣੀ ਸਥਿਤੀ ਵਿਚ ਸੁਧਾਰ ਕੀਤਾ ਹੈ | ਉਪ ਕੁਲਪਤੀ ਪ੍ਰੋ: ਰੇਣੂ ਵਿਗ ਨੇ ਪੰਜਾਬ ਯੂਨੀਵਰਸਿਟੀ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ਯੂਨੀਵਰਸਿਟੀ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ | ਨਗਦ ਇਨਾਮਾਂ ਅਤੇ ਯਾਦਗਾਰੀ ਚਿੰਨ੍ਹਾਂ ਦੇ ਨਾਲ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਵਾਲਿਆਂ ਵਿਚ ਰਿਸ਼ੀ ਸਬਲੋਕ, ਰਾਮ ਪ੍ਰਸਾਦ ਕਾਫਲੇ, ਬੀਨਾ ਬੋਸ, ਵਿਕਰਮ ਸਿੰਘ ਕੌਸ਼ਲ, ਬਲਵੰਤ ਸਿੰਘ, ਨੀਲਮ ਕੁਮਾਰ, ਰਾਕੇਸ਼ ਕੁਮਾਰ, ਰਾਮ ਲਾਲ, ਰਾਮ ਸਿੰਘ, ਵਿਜੇ ਮਸੀਹ, ਸੋਮ ਨਾਥ, ਨਿਸ਼ਾ, ਹੇਮਲਤਾ ਅÏਲ, ਮਨਿੰਦਰ ਕੁਮਾਰ, ਨਿਧੀ ਰਾਣੀ, ਪਰਮੋਦ ਸਿੰਘ, ਮੋਨਿਕਾ, ਬਲਜੀਤ ਕੁਮਾਰ, ਰਜਿੰਦਰ ਸਿੰਘ ਰਾਵਤ, ਮੰਜੂ ਕੁਮਾਰੀ, ਅਜੇ ਗੁਪਤਾ, ਮਨਪ੍ਰੀਤ ਸਿੰਘ, ਰਮਨ ਸਿੰਘ, ਸੁਖਵਿੰਦਰ ਸਿੰਘ, ਪੰਕਜ ਕੁਮਾਰ ਅਤੇ ਬਲਜਿੰਦਰ ਸਿੰਘ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਨੌਜਵਾਨ ਕਿ੍ਕਟਰ ਅਦਿਤੀ ਸ਼ਿਓਰਾਨ ਨੂੰ ਕਿ੍ਕਟ ਵਿਚ ਉਸ ਦੀਆਂ ਵਿਲੱਖਣ ਪ੍ਰਾਪਤੀਆਂ ਬਦਲੇ ਇੱਕ ਸਰਟੀਫਿਕੇਟ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ | ਪੰਜਾਬ ਯੂਨੀਵਰਸਿਟੀ ਦੇ ਸੰਗੀਤ ਵਿਭਾਗ, ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਅਤੇ ਅੰਕੁਰ ਸਕੂਲ ਪੀ.ਯੂ ਦੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ |
ਚੰਡੀਗੜ੍ਹ 'ਚ 77ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ <br/>
ਗਣਤੰਤਰ ਦਿਹਾੜੇ ਮੌਕੇ ਨਿਗਮ ਦਫ਼ਤਰ ਵਿਖੇ ਝੰਡਾ ਲਹਿਰਾਉਂਦੇ ਹੋਏ ਹਰਪ੍ਰੀਤ ਕੌਰ ਬਬਲਾ, ਨਾਲ ਮੌਜੂਦ ਨਿਗਮ ਕਮਿਸ਼ਨਰ ਅਮਿਤ ਕੁਮਾਰ | ਤਸਵੀਰ : ਕਮਲਜੀਤ ਸਿੰਘ<br/>
28-01-2026