ਐੱਸ. ਆਈ. ਆਰ. ਸ਼ੁਰੂ ਕਰਨ ਦੀ ਕੋਈ ਵੀ ਸੂਚਨਾ ਜਾਰੀ ਨਹੀਂ ਕੀਤੀ ਗਈ- ਸੀ. ਈ. ਓ. ਅਨਦਿੱਤਾ ਮਿੱਤਰਾ
ਅਜੀਤ ਡੈਸਕ
31-01-2026
ਚੰਡੀਗੜ੍ਹ, 30 ਜਨਵਰੀ (ਮਾਰਕੰਡਾ)-ਆਉਣ ਵਾਲੀਆ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਪੰਜਾਬ ਵਿਚ ਵੋਟਰ ਸੂਚੀਆਂ ਦੀ ਇਕ ਵਿਸ਼ੇਸ਼ ਤੀਬਰ ਸੋਧ (ਐੱਸ.ਆਈ.ਆਰ.) ਸ਼ੁਰੂ ਕੀਤੀ ਜਾਵੇਗੀ, ਇਹ ਖ਼ਬਰ ਸੋਸ਼ਲ ਮੀਡੀਆ 'ਤੇ ਲਗਾਤਾਰ ਛਾਈ ਹੋਈ ਹੈ | ਇਸ ਵਿਚ ਦੱਸਿਆ ਗਿਆ ਹੈ ਕਿ ਐੱਸ.ਆਈ.ਆਰ. ਦਾ ਕੰਮ ਇਸ ਫਰਵਰੀ-ਮਾਰਚ ਵਿਚ ਸ਼ੁਰੂ ਹੋਵੇਗਾ | ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈ.ਓ.) ਨੇ ਵੀ ਐੱਸ.ਆਈ.ਆਰ. ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਕ ਦਿਨ ਪਹਿਲਾਂ ਸਾਰੇ ਰਾਜਾਂ ਨਾਲ ਇਕ ਵਰਚੁਅਲ ਮੀਟਿੰਗ ਵਿਚ ਰਾਸ਼ਟਰੀ ਚੋਣ ਕਮਿਸ਼ਨ (ਈ.ਸੀ.ਆਈ) ਨੇ ਕਿਹਾ ਸੀ ਕਿ ਪੰਜਾਬ ਵਿਚ ਐਸ.ਆਈ.ਆਰ ਫਰਵਰੀ-ਮਾਰਚ ਵਿਚ ਸ਼ੁਰੂ ਹੋਵੇਗੀ | ਕੇਂਦਰੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਦੇ ਸੀ.ਈ.ਓ ਨੇ ਵੋਟਰ ਸੂਚੀਆਂ ਵਿਚ ਅੰਤਰ ਨੂੰ ਠੀਕ ਕਰਨ ਦੇ ਆਦੇਸ਼ ਦਿੱਤੇ ਹਨ | ਇਸ ਤੋਂ ਪਹਿਲਾਂ ਐੱਸ.ਆਈ.ਆਰ. ਦਾ ਪਹਿਲਾ ਪੜਾਅ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਪੂਰਾ ਹੋ ਚੁੱਕਾ ਹੈ, ਜਿਸ ਵਿਚ 6.59 ਕਰੋੜ ਵੋਟਰਾਂ ਦੇ ਨਾਮ ਡਰਾਫ਼ਟ ਵੋਟਰ ਸੂਚੀ ਵਿਚੋਂ ਹਟਾ ਦਿੱਤੇ ਗਏ ਹਨ | ਇਸੇ ਉਪਰੰਤ ਪੰਜਾਬ ਕੇਡਰ 2007 ਬੈਚ ਦੇ ਸੀਨੀਅਰ ਆਈ.ਏ.ਅੱੈਸ. ਅਧਿਕਾਰੀ ਅਨਿੰਦਿਤਾ ਮਿੱਤਰਾ ਨਾਲ 'ਅਜੀਤ' ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਫ਼ਿਲਹਾਲ ਕੋਈ ਵੀ ਆਦੇਸ਼ ਹੱਲੇ ਤੱਕ ਜਾਰੀ ਨਹੀਂ ਕੀਤੇ ਹਨ | ਜੇਕਰ ਕੋਈ ਆਦੇਸ਼ ਜਾਰੀ ਹੁੰਦੇ ਹਨ ਤਾਂ ਪੈੱ੍ਰਸ ਕਾਨਫ਼ਰੰਸ ਕਰਕੇ ਸਾਰੀ ਜਾਣਕਾਰੀ ਮੀਡੀਆ ਨੂੰ ਦੇ ਦਿੱਤੀ ਜਾਵੇਗੀ |