ਜ਼ੀਰਕਪੁਰ, 30 ਜਨਵਰੀ (ਮਨਿੰਦਰ ਸਿੰਘ)-ਵੀਰਵਾਰ ਦੁਪਹਿਰ ਨੂੰ ਪੀ. ਆਰ. 7 ਏਅਰਪੋਰਟ ਰੋਡ 'ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਦੁਖਦਾਈ ਮੌਤ ਤੋਂ ਬਾਅਦ ਸਾਰਾ ਪਿੰਡ ਸੋਗ 'ਚ ਡੁੱਬ ਗਿਆ ਹੈ, ਜਦਕਿ ਪਰਿਵਾਰ ਦੇ ਦੋ ਮੈਂਬਰ ਅਜੇ ਵੀ ਹਸਪਤਾਲ 'ਚ ਆਪਣੀ ਜ਼ਿੰਦਗੀ ਲਈ ਜੂਝ ਰਹੇ ਹਨ | ਮਿ੍ਤਕਾਂ 'ਚ ਇਕ ਪਿਤਾ, ਪੁੱਤਰ ਤੇ ਇਕ ਵੱਡਾ ਭਰਾ ਸ਼ਾਮਿਲ ਹਨ, ਜਦਕਿ ਦੂਜਾ ਪੁੱਤਰ ਤੇ ਨੂੰ ਹ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਜਿਨ੍ਹਾਂ ਡਾਕਟਰਾਂ ਨੇ ਹਾਲਤ ਨਾਜ਼ੁਕ ਦੱਸੀ ਹੈ | ਸ਼ੁੱਕਰਵਾਰ ਨੂੰ ਪੁਲਿਸ ਨੇ ਮਿ੍ਤਕ ਅਮਰੀਕ ਸਿੰਘ (68), ਬਲਬੀਰ ਸਿੰਘ (70) ਤੇ ਹਰਜੀਤ ਸਿੰਘ (37) ਦਾ ਡੇਰਾਬੱਸੀ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ | ਡਾਕਟਰਾਂ ਨੇ ਦੱਸਿਆ ਕਿ ਤਿੰਨਾਂ ਦੀ ਮੌਤ ਸਿਰ 'ਚ ਸੱਟਾਂ ਲੱਗਣ ਕਾਰਨ ਹੋਈ ਹੈ | ਜਾਣਕਾਰੀ ਅਨੁਸਾਰ ਅਮਰੀਕ ਸਿੰਘ ਆਪਣੇ ਵੱਡੇ ਭਰਾ ਬਲਬੀਰ ਸਿੰਘ ਨਾਲ ਪਿੰਡ ਖੇੜੀ ਬੀਰ ਸਿੰਘ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਰਹਿੰਦਾ ਸੀ | ਅਮਰੀਕ ਸਿੰਘ ਦਾ ਛੋਟਾ ਪੁੱਤਰ ਹਰਵਿੰਦਰ ਸਿੰਘ ਅਮਰੀਕਾ 'ਚ ਰਹਿੰਦਾ ਹੈ, ਜਦਕਿ ਉਸਦਾ ਵੱਡਾ ਪੁੱਤਰ ਹਰਜੀਤ ਸਿੰਘ ਆਪਣੇ ਪਿਤਾ ਨਾਲ ਪਿੰਡ 'ਚ ਹੀ ਖੇਤੀ ਕਰਦਾ ਸੀ | ਬੀਤੀ 23 ਜਨਵਰੀ ਨੂੰ ਹਰਵਿੰਦਰ ਸਿੰਘ ਆਪਣੀ ਪਤਨੀ ਗਗਨਦੀਪ ਕੌਰ ਤੇ 3 ਸਾਲ ਦੇ ਪੁੱਤਰ ਵੀਰਜੋਰ ਸਿੰਘ ਨਾਲ ਅਮਰੀਕਾ ਤੋਂ ਆਪਣੇ ਪਰਿਵਾਰ ਨੂੰ ਮਿਲਣ ਭਾਰਤ ਆਇਆ ਸੀ ਅਤੇ ਬੀਤੀ 29 ਜਨਵਰੀ ਨੂੰ ਅਮਰੀਕ ਸਿੰਘ, ਉਸ ਦਾ ਵੱਡਾ ਭਰਾ ਬਲਬੀਰ ਸਿੰਘ, ਉਸ ਦੇ ਦੋ ਪੁੱਤਰ ਹਰਜੀਤ ਸਿੰਘ ਤੇ ਹਰਵਿੰਦਰ ਸਿੰਘ ਅਤੇ ਉਨ੍ਹਾਂ ਦੀਆਂ ਪਤਨੀਆਂ ਗਗਨਦੀਪ ਕੌਰ ਤੇ ਹਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਬੱਚੇ ਅਭਿਰੂਪ ਕੌਰ ਤੇ ਵੀਰਜੋਰ ਸਿੰਘ ਫਾਰਚੂਨਰ ਕਾਰ 'ਚ ਡੇਰਾਬੱਸੀ ਦੇ ਪਿੰਡ ਜੌਲਾ ਕਲਾਂ 'ਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਏ ਸਨ, ਜਿਸਤੋਂ ਬਾਅਦ ਦੁਪਿਹਰ 2:15 ਵਜੇ ਉਹ ਡੇਰਾਬੱਸੀ ਤੋਂ ਆਪਣੇ ਪਿੰਡ ਲਈ ਨਿਕਲੇ ਸਨ, ਜਿਸ ਦੌਰਾਨ ਹਰਜੀਤ ਸਿੰਘ ਕਾਰ ਚਲਾ ਰਿਹਾ ਸੀ ਅਤੇ ਉਸਦਾ ਤਾਇਆ ਬਲਬੀਰ ਸਿੰਘ ਉਸ ਦੇ ਨਾਲ ਬੈਠਾ ਸੀ | ਅਮਰੀਕ ਸਿੰਘ ਤੇ ਉਸਦਾ ਪੁੱਤਰ, ਹਰਵਿੰਦਰ ਸਿੰਘ ਪਿਛਲੀ ਸੀਟ 'ਤੇ ਬੈਠੇ ਸਨ, ਜਦਕਿ ਦੋ ਮਹਿਲਾਵਾਂ ਤੇ ਬੱਚੇ ਉਨ੍ਹਾਂ ਦੇ ਪਿੱਛੇ ਬੈਠੇ ਸਨ | ਇਸ ਦੌਰਾਨ ਪੀ. ਆਰ. 7 ਰੋਡ 'ਤੇ ਕਾਕਾ ਢਾਬਾ ਨੇੜੇ ਇਕ ਆਟੋ-ਰਿਕਸ਼ਾ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਫਾਰਚੂਨਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਟਰਾਲੇ ਨਾਲ ਟਕਰਾ ਗਈ | ਇਸ ਹਾਦਸੇ 'ਚ ਬਲਬੀਰ ਸਿੰਘ, ਅਮਰੀਕ ਸਿੰਘ ਤੇ ਹਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਅੱੈਨ. ਆਰ. ਆਈ. ਹਰਵਿੰਦਰ ਸਿੰਘ, ਉਸ ਦੀ ਪਤਨੀ ਗਗਨਦੀਪ ਕੌਰ, ਭਰਜਾਈ ਹਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਗੰਭੀਰ ਹਾਲਤ 'ਚ ਜੀ. ਐੱਮ. ਸੀ. ਐੱਚ. 32 ਹਸਪਤਾਲ ਲਿਜਾਇਆ ਗਿਆ, ਜਿਥੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ 'ਚ ਭੇਜ ਦਿੱਤਾ ਗਿਆ, ਜਿਥੇ ਉਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ | ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਇਸ ਮਾਮਲੇ 'ਚ ਜ਼ੀਰਕਪੁਰ ਪੁਲਿਸ ਨੇ ਟਰੱਕ ਡਰਾਈਵਰ ਸ਼ੰਟੂ ਕੁਮਾਰ ਸਿੰਘ ਵਾਸੀ ਪਿੰਡ ਇਕਤਾਰਾ ਛਤਰਾ ਝਾਰਖੰਡ ਵਿਰੁੱਧ ਬੀ. ਅੱੈਨ. ਐੱਸ. ਦੀ ਧਾਰਾ 285, 324 (4), 106 (1) ਤਹਿਤ ਕੇਸ ਦਰਜ ਕਰ ਕੇ ਟਰਾਲੇ ਨੂੰ ਜ਼ਬਤ ਕਰ ਲਿਆ ਹੈ |