ਚੰਡੀਗੜ੍ਹ, 30 ਜਨਵਰੀ (ਸੰਦੀਪ ਕੁਮਾਰ ਮਾਹਨਾ)ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਵਸ ਮੌਕੇ ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਭਾਸ਼ਾਈ, ਖੇਤਰੀ ਅਤੇ ਸੱਭਿਆਚਾਰਕ ਵਿਭਿੰਨਤਾ ਨਾਲ ਭਰਪੂਰ ਭਾਰਤ ਨੂੰ ਏਕਤਾ ਦੇ ਸੂਤਰ 'ਚ ਪਿਰੋ ਕੇ ਆਜ਼ਾਦੀ ਦੀ ਲਹਿਰ ਨੂੰ ਨਵੀਂ ਦਿਸ਼ਾ ਦਿੱਤੀ | ਰਾਜਪਾਲ ਕਟਾਰੀਆ ਨੇ ਕਿਹਾ ਕਿ ਗਾਂਧੀ ਜੀ ਦੇ ਸਵਦੇਸ਼ੀ, ਆਤਮਨਿਰਭਰਤਾ ਅਤੇ ਸਫ਼ਾਈ ਸੰਬੰਧੀ ਵਿਚਾਰ ਅੱਜ ਵੀ ਆਤਮਨਿਰਭਰ ਅਤੇ ਵਿਕਸਿਤ ਭਾਰਤ ਦੀ ਸੰਕਲਪਨਾ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ | ਅਹਿੰਸਾ ਦਾ ਸੰਦੇਸ਼ ਅਜਿਹੀ ਅਸਾਧਾਰਨ ਤਾਕਤ ਰੱਖਦਾ ਹੈ, ਜੋ ਬਿਨਾਂ ਹਥਿਆਰਾਂ ਦੇ ਵੀ ਸੰਸਾਰ ਨੂੰ ਬਦਲ ਸਕਦਾ ਹੈ | ਮਹਾਤਮਾ ਗਾਂਧੀ ਦਾ ਜੀਵਨ ਦਰਸ਼ਨ, ਕਰਤੱਬ ਪ੍ਰਤੀ ਨਿਸ਼ਠਾ ਅਤੇ ਮਨੁੱਖਤਾ ਦੀ ਸੇਵਾ ਭਾਰਤੀ ਨਾਗਰਿਕਾਂ ਲਈ ਸਦਾ ਪ੍ਰੇਰਣਾ ਸਰੋਤ ਰਹੇਗੀ ਅਤੇ ਦੇਸ਼ ਨਿਰਮਾਣ ਦੇ ਰਾਹ 'ਤੇ ਅੱਗੇ ਵਧਣ ਲਈ ਮਾਰਗਦਰਸ਼ਨ ਕਰਦੀ ਰਹੇਗੀ | ਇਸ ਮੌਕੇ ਪੰਜਾਬ ਲੋਕ ਭਵਨ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਨਮਨ ਕੀਤਾ |