ਚੰਡੀਗੜ੍ਹ, 30 ਜਨਵਰੀ (ਅਜਾਇਬ ਸਿੰਘ ਔਜਲਾ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ ਸੈਕਟਰ-30ਏ ਚੰਡੀਗੜ੍ਹ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ ਦੇ ਪ੍ਰਧਾਨ ਓਮ ਪ੍ਰਕਾਸ਼ ਚੋਪੜਾ, ਅਦਿੱਤਮ ਪ੍ਰਕਾਸ਼, ਭੋਲਾ ਰਾਮ ਗੰਗੜ, ਐੱਸ. ਕੇ ਬੰਗਾ (ਐਡਵੋਕੇਟ) ਤੇ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚੋਂ ਲੰਘਿਆ ਜਿੱਥੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰਾਂ 'ਚੋਂ ਗੁਜ਼ਰਿਆ | ਉੱਥੇ ਮਾਰਕੀਟ ਤੇ ਸੜਕਾਂ ਦੇ ਦੋਵੇਂ ਪਾਸੀ ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਨਗਰ ਕੀਰਤਨ 'ਚ ਬੱਚੇ, ਨੌਜਵਾਨ, ਮਹਿਲਾਵਾਂ ਤੇ ਬਜ਼ਰੁਗਾਂ ਸਮੇਤ ਹਰ ਵਰਗ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਗੱਤਕੇ ਦੇ ਜੌਹਰ ਦੇਖਣ ਨੂੰ ਮਿਲੇ | ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਥਾਈਾ ਸ਼ਰਧਾਲੂਆਂ ਵਲੋਂ ਗੁਰੂ ਕੇ ਲੰਗਰ ਵਰਤਾਏ ਗਏ | ਇਸ ਮੌਕੇ ਸ਼ਹਿਰ ਦੀਆਂ ਨਾਮੀ ਸ਼ਖ਼ਸੀਅਤਾਂ ਦੇ ਨਾਲ-ਨਾਲ ਸਥਾਨਕ ਕੌਂਸਲਰ ਤਰੁਣਾ ਮਹਿਤਾ ਆਦਿ ਨੇ ਵੀ ਸ਼ਮੂਲੀਅਤ ਕੀਤੀ | ਇਹ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ ਸੈਕਟਰ-30ਏ ਤੋਂ ਆਰੰਭ ਹੋਇਆ ਉਪਰੰਤ ਇਹ ਨਗਰ ਕੀਰਤਨ ਸੈਕਟਰ-20, 21,22,23, ਸੈਕਟਰ-16 ਕ੍ਰਿਕਟ ਸਟੇਡੀਅਮ ਚੌਕ ਅਤੇ ਸੈਕਟਰ-17 ਦੇ ਬੱਸ ਸਟੈਂਡ ਤੋਂ ਹੰੁਦਿਆਂ ਹੋਇਆ ਸੈਕਟਰ-18 ਦੇ ਚਰਚ ਸਾਹਮਣੇ ਤੋਂ ਲੰਘਦਾ ਹੋਇਆ ਸੈਕਟਰ-19, 27, 29 ਤੋਂ ਹੁੰਦਿਆਂ ਹੋਇਆ ਸੈਕਟਰ-30 ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ ਸੈਕਟਰ-30 ਵਿਖੇ ਇਸ ਨਗਰ ਕੀਰਤਨ ਦੀ ਸੰਪੂਰਨਤਾ ਹੋਈ | ਨਗਰ ਕੀਰਤਨ ਮੌਕੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ ਵੀ ਸੁਚਾਰੂ ਢੰਗ ਨਾਲ ਟੈ੍ਰਫਿਕ ਕੰਟਰੋਲ ਕੀਤਾ |