ਐੱਸ. ਏ. ਐੱਸ. ਨਗਰ, 31 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਜ਼ਿਲ੍ਹੇ ਵਿਚ ਪਹਿਲੀ ਵਾਰ ਐਮ.ਪੀ. ਲੈਡ ਫ਼ੰਡ 'ਚੋਂ ਨੌਜਵਾਨਾਂ ਲਈ ਪਿੰਡ ਕੁਰੜੀ ਵਿਖੇ ਖੇਡ ਮੈਦਾਨ ਤਿਆਰ ਕੀਤਾ ਜਾਵੇਗਾ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੇ ਯਤਨਾਂ ਸਦਕਾ ਪਿੰਡ ਕੁਰੜੀ ਵਿਖੇ ਖੇਡ ਮੈਦਾਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪਿੰਡ ਕੁਰੜੀ ਦੇ ਦੌਰੇ ਦੌਰਾਨ ਐਮ.ਪੀ. ਲੈਡ ਫ਼ੰਡ 'ਚੋਂ ਪਿੰਡ ਕੁਰੜੀ ਵਿਚ ਖੇਡ ਮੈਦਾਨ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਨਸ਼ਾਖੋਰੀ ਸਮਾਜ ਲਈ ਇਕ ਗੰਭੀਰ ਚੁਣੌਤੀ ਬਣ ਚੁੱਕੀ ਹੈ ਅਤੇ ਖੇਡਾਂ ਦੇ ਮਾਧਿਅਮ ਨਾਲ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਦੂਰ ਰੱਖਿਆ ਜਾ ਸਕਦਾ ਹੈ | ਇਸ ਤੋਂ ਇਲਾਵਾ ਖੇਡ ਮੈਦਾਨ ਬਣਨ ਨਾਲ ਪਿੰਡ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਵੀ ਮਿਲੇਗਾ | ਇਸ ਦੌਰੇ ਮੌਕੇ ਸਤਨਾਮ ਸਿੰਘ ਸੰਧੂ ਦੇ ਨਾਲ ਪਿੰਡ ਦੇ ਵਸਨੀਕ ਸਾਬਕਾ ਪੀ. ਸੀ. ਐਸ. ਅਧਿਕਾਰੀ ਡਾ. ਬਲਬੀਰ ਸਿੰਘ ਢੋਲ ਵੀ ਹਾਜ਼ਰ ਸਨ | ਇਸ ਮੌਕੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਪੰਜਾਬ ਦੀ ਸਥਿਤੀ ਇਹ ਬਣ ਚੁੱਕੀ ਹੈ ਕਿ ਨੌਜਵਾਨ ਨਸ਼ਿਆਂ ਦੇ ਦਲਦਲ ਵਿਚ ਡੁੱਬਦਾ ਜਾ ਰਿਹਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਣ ਲਈ ਉੱਚਿਤ ਥਾਵਾਂ ਉਪਲੱਬਧ ਨਹੀਂ ਕਰਵਾ ਪਾ ਰਹੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਣਨ ਵਾਲੀਆਂ ਸਪੋਰਟਸ ਨਰਸਰੀਆਂ ਵੀ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ | ਜਿਹੜੀਆਂ ਥੋੜ੍ਹੀਆਂ ਬਹੁਤ ਸਪੋਰਟਸ ਨਰਸਰੀਆਂ ਬਣੀਆਂ ਵੀ ਹਨ ਉਥੇ ਜਾਂ ਤਾਂ ਕੋਚਾਂ ਦੀ ਕਮੀ ਹੈ ਜਾਂ ਫਿਰ ਢੁਕਵੇਂ ਢਾਂਚੇ ਦੀ | ਅਜਿਹੇ ਹਾਲਾਤ ਵਿਚ ਨੌਜਵਾਨ ਖੇਡਾਂ ਵੱਲ ਕਿਵੇਂ ਪ੍ਰੇਰਿਤ ਹੋਣਗੇ | ਇਸ ਮੌਕੇ ਸਰਪੰਚ ਨਾਗਰ ਸਿੰਘ, ਸਾਬਕਾ ਸਰਪੰਚ ਛੱਜਾ ਸਿੰਘ, ਹਰਦੇਵ ਸ਼ਰਮਾ, ਐੱਸ. ਜਿੰਮੀ ਢੋਲ, ਜਗਰੂਪ ਸਿੰਘ, ਮਨਜੀਤ ਸਿੰਘ, ਅਮਰੀਕ ਸਿੰਘ, ਰਾਮ ਸਿੰਘ ਤੇ ਕੇਸਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ | 31 ਐਮਓਐਚ 14