ਚੰਡੀਗੜ੍ਹ, 2 ਫਰਵਰੀ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਵਾਸੀਆਂ ਦੀਆਂ ਨਿਗਮ ਪ੍ਰਤੀ ਸਮੱਸਿਆਵਾਂ ਨੂੰ ਸਿੱਧੇ ਤੌਰ 'ਤੇ ਸੁਣਨ ਅਤੇ ਉਨ੍ਹਾਂ ਦੇ ਤੁਰੰਤ ਹੱਲ ਲਈ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਸੌਰਭ ਜੋਸ਼ੀ ਵਲੋਂ ਸੈਕਟਰ-17 ਸਥਿਤ ਨਿਗਮ ਦਫ਼ਤਰ ਵਿਖੇ ਪਹਿਲਾ ਜਨਤਾ ਦਰਬਾਰ ਲਗਾਇਆ ਗਿਆ | ਇਸ ਮੌਕੇ ਪਾਣੀ ਸਪਲਾਈ, ਸਫ਼ਾਈ, ਸੀਵਰੇਜ, ਸੜਕਾਂ, ਸਟ੍ਰੀਟ ਲਾਈਟਾਂ ਅਤੇ ਪਾਰਕਿੰਗ ਵਰਗੀਆਂ ਸਮੱਸਿਆਵਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਸ਼ਹਿਰਵਾਸੀ ਜਨਤਾ ਦਰਬਾਰ 'ਚ ਪਹੁੰਚੇ | ਸਵੇਰੇ 11 ਵਜੇ ਸ਼ੁਰੂ ਹੋਏ ਜਨਤਾ ਦਰਬਾਰ 'ਚ ਲੋਕ ਸਵੇਰ ਤੋਂ ਹੀ ਆਪਣੀਆਂ ਸ਼ਿਕਾਇਤਾਂ ਲੈ ਕੇ ਇਕੱਠੇ ਹੋ ਗਏ | ਦਰਬਾਰ ਦੌਰਾਨ ਸ਼ਹਿਰਵਾਸੀਆਂ ਨੇ ਨਗਰ ਨਿਗਮ ਨਾਲ ਜੁੜੀਆਂ ਬੁਨਿਆਦੀ ਸਹੂਲਤਾਂ ਸਬੰਧੀ ਸਮੱਸਿਆਵਾਂ ਮੇਅਰ ਦੇ ਸਾਹਮਣੇ ਰੱਖੀਆਂ | ਇਸ ਦੌਰਾਨ ਸੁਖਨਾ ਝੀਲ ਇਲਾਕੇ ਦੇ ਈ-ਰਿਕਸ਼ਾ ਚਾਲਕ ਨੇ ਪੁਲਿਸ ਵਲੋਂ ਵਾਰ-ਵਾਰ ਰੋਕਟੋਕ ਅਤੇ ਚਲਾਨ ਕਰਨ ਦੀ ਸ਼ਿਕਾਇਤ ਕੀਤੀ | ਈ-ਰਿਕਸ਼ਾ ਚਾਲਕ ਨੇ ਦੱਸਿਆ ਕਿ ਸਾਰੇ ਕਾਗ਼ਜ਼ਾਤ ਪੂਰੇ ਹੋਣ ਦੇ ਬਾਵਜੂਦ ਉਸ ਨੂੰ ਨਾਕਿਆਂ 'ਤੇ ਰੋਕ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਸ ਕਾਰਨ ਉਸ ਦੀ ਰੋਜ਼ੀ-ਰੋਟੀ 'ਤੇ ਵੀ ਅਸਰ ਪੈਂਦਾ ਹੈ | ਜਨਤਾ ਦਰਬਾਰ ਨੂੰ ਸੰਬੋਧਨ ਕਰਦਿਆਂ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਨਗਰ ਨਿਗਮ ਦੀਆਂ ਸੇਵਾਵਾਂ 'ਚ ਪਾਰਦਰਸ਼ਤਾ ਲਿਆਉਣਾ ਤੇ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਬਿਨਾਂ ਦੇਰੀ ਹੱਲ ਕਰਨਾ ਹੈ | ਉਨ੍ਹਾਂ ਕਿਹਾ ਕਿ 'ਸਿਟੀ ਬਿਊਟੀਫੁਲ' ਦੇ ਵਸਨੀਕ ਹੁਣ ਆਪਣੀਆਂ ਸਮੱਸਿਆਵਾਂ ਸਿੱਧੇ ਤੌਰ 'ਤੇ ਰੱਖ ਸਕਣਗੇ ਅਤੇ ਉਨ੍ਹਾਂ ਦੇ ਹੱਲ ਲਈ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ | ਜਨਤਾ ਦਰਬਾਰ 'ਚ ਨਿਗਮ ਕਮਿਸ਼ਨਰ ਅਮਿਤ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ, ਜਿਸ ਨਾਲ ਕਈ ਮਾਮਲਿਆਂ 'ਚ ਮੌਕੇ 'ਤੇ ਹੀ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਗਈ ਅਤੇ ਹੱਲ ਪ੍ਰਕਿਰਿਆ ਸ਼ੁਰੂ ਕੀਤੀ ਗਈ | ਮੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਪ੍ਰਾਪਤ ਸ਼ਿਕਾਇਤਾਂ ਸਿਰਫ਼ ਕਾਗ਼ਜ਼ੀ ਕਾਰਵਾਈ ਤੱਕ ਸੀਮਤ ਨਾ ਰਹਿਣ, ਸਗੋਂ ਉਨ੍ਹਾਂ ਦਾ ਜ਼ਮੀਨੀ ਪੱਧਰ 'ਤੇ ਵੀ ਨਿਪਟਾਰਾ ਕੀਤਾ ਜਾਵੇ | ਜ਼ਿਕਰਯੋਗ ਹੈ ਕਿ ਸੌਰਭ ਜੋਸ਼ੀ ਚੰਡੀਗੜ੍ਹ ਦੇ ਅਜਿਹੇ ਪਹਿਲੇ ਮੇਅਰ ਹਨ ਜਿਨ੍ਹਾਂ ਵਲੋਂ ਨਗਰ ਨਿਗਮ ਪੱਧਰ 'ਤੇ ਜਨਤਾ ਦਰਬਾਰ ਦੀ ਸ਼ੁਰੂਆਤ ਕੀਤੀ ਗਈ ਹੈ | ਨਗਰ ਨਿਗਮ ਪ੍ਰਸ਼ਾਸਨ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਇਸ ਤਰ੍ਹਾਂ ਦੇ ਜਨਤਾ ਦਰਬਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਿਯਮਿਤ ਤੌਰ 'ਤੇ ਲਗਾਏ ਜਾਣਗੇ ਤਾਂ ਜੋ ਸ਼ਹਿਰਵਾਸੀਆਂ ਨੂੰ ਨਗਰ ਸੇਵਾਵਾਂ ਸਬੰਧੀ ਰਾਹਤ ਮਿਲ ਸਕੇ |