ਚੰਡੀਗੜ੍ਹ, 2 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਲੋਂ ਹਰ ਸਾਲ ਕੀਤੇ ਜਾਂਦੇ 'ਮਹਿੰਦਰ ਸਿੰਘ ਰੰਧਾਵਾ, ਸਾਹਿਤ ਕਲਾ ਉਤਸਵ ਇਸ ਵਰ੍ਹੇ 'ਪੰਜਾਬ ਦੀ ਨਵ ਸਿਰਜਣਾ' ਤਹਿਤ ਮਨਾਇਆ ਜਾ ਰਿਹਾ ਹੈ | ਅੱਜ ਪਹਿਲੇ ਦਿਨ 2 ਫਰਵਰੀ ਨੂੰ ਸਭ ਤੋ ਪਹਿਲਾਂ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ | ਇਸ ਉਪਰੰਤ ਸੰਗੀਤ ਦੀ ਜਾਣੀ ਪਛਾਣੀ ਹਸਤੀ ਡਾ. ਨਵੇਦਿਤਾ ਸਿੰਘ ਵਲੋਂ ਸ਼ਬਦ ਗਾਇਨ 'ਮਨ ਕੀ ਮੰਡਲੀ' ਦਾ ਗਾਇਨ ਕੀਤਾ ਗਿਆ | ਉਪਰੰਤ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਪਿੱਛਲੇ ਸਾਲ ਕੀਤੇ ਮਹੱਤਵਪੂਰਨ ਕੰਮਾਂ ਦਾ ਵੇਰਵਾ ਸਾਂਝਾ ਕੀਤਾ | ਉਨ੍ਹਾਂ ਆਉਣ ਵਾਲੇਂ ਸਮਾਗਮ ਲੜੀ 'ਸਹੁੰ ਪੰਜਾਬ ਦੀ' ਬਾਰੇ ਸਰੋਤਿਆਂ ਨਾਲ ਆਪਣੀ ਗੱਲ ਸਾਂਝੀ ਕੀਤੀ | ਸਮਾਗਮ ਦੇ ਅਗਲੇ ਹਿੱਸੇ ਵਿਚ ਬੋਲਦਿਆਂ ਅੱਜ ਦੇ ਮੁੱਖ ਮਹਿਮਾਨ ਸੱਭਿਆਚਾਰਕ ਮਾਮਲੇ, ਸੈਰ-ਸਪਾਟਾ ਤੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਕਲਾ ਪਰਿਸ਼ਦ ਨੇ ਮਹੱਤਵਪੂਰਨ ਕੰਮ ਕੀਤੇ ਹਨ, ਉਨ੍ਹਾਂ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਨੇ ਆਪਣੇ ਕੰਮ ਬੜੀ ਜ਼ਿੰਮੇਵਾਰੀ ਨਾਲ ਕੀਤੇ ਹਨ | ਉਨ੍ਹਾਂ ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਤੇ ਪ੍ਰਾਪਤੀਆਂ ਸਾਂਝੀਆਂ ਕੀਤੀਆਂ |
ਅੱਜ ਦਾ ਮੁੱਖ ਭਾਸ਼ਣ ਉੱਘੇ ਚਿੰਤਕ ਡਾ. ਮਦਨ ਗੋਪਾਲ ਸਿੰਘ ਹੋਰਾਂ ਨੇ ਦਿੱਤਾ | ਡਾ. ਅਕਾਲ ਅੰਮਿ੍ਤ ਕੌਰ ਨੇ ਆਪਣਾ ਪਰਚਾ ਪੰਜਾਬ ਕਲਾ ਪਰਿਸ਼ਦ ਵਲੋਂ ਪ੍ਰਦਾਨ ਕੀਤੇ 'ਪੰਜਾਬ ਰਤਨ' ਡਾ. ਕਰਮਜੀਤ ਸਿੰਘ ਬਾਰੇ ਪੜਿ੍ਹਆ | ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਐੱਸ. ਐੱਸ. ਗੋਸਲ, ਉਪ-ਕੁਲਪਤੀ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਕੀਤੀ, ਉਨ੍ਹਾਂ ਡਾ. ਰੰਧਾਵਾ ਤੇ ਡਾ. ਕਰਮਜੀਤ ਸਿੰਘ ਬਾਬਤ ਆਪਣੀ ਗੱਲ ਕੀਤੀ | ਇਸ ਸੈਸ਼ਨ ਦਾ ਸੰਚਾਲਨ ਡਾ. ਯੋਗਰਾਜ ਅੰਗਰੀਸ਼ ਨੇ ਬਾਖੂਬੀ ਕੀਤਾ | ਡਾ. ਨਿਵੇਦਿਤਾ ਸਿੰਘ ਤੇ ਸਾਥੀਆਂ ਵਲੋਂ ਪੰਜਾਬ ਦਾ ਵਿਰਾਸਤੀ, ਅਧਾਰਿਤ ਗਾਇਨ ਕੀਤਾ | ਸਮਾਗਮ ਦੇ ਆਖ਼ਰੀ ਹਿੱਸੇ ਵਿਚ ਉੱਘੇ ਫੋਟੋਗ੍ਰਾਫਰ ਦੇਵ ਇੰਦਰ ਵਲੋਂ ਲਗਾਈ ਜਾ ਰਹੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਗਿਆ | ਦਿਨ ਦੇ ਆਖ਼ਰੀ ਸੈਸ਼ਨ 'ਹਰੀ ਕ੍ਰਾਂਤੀ ਤੋਂ ਸਿਰਜਣਾਤਮਕ ਕ੍ਰਾਂਤੀ ਵੱਲ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸ਼ਮੂਲੀਅਤ ਕੀਤੀ ਤੇ ਪ੍ਰਧਾਨਗੀ ਡਾ. ਕਰਮਜੀਤ ਸਿੰਘ ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਕੀਤੀ | ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅੱਜ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮਨੁੱਖ ਕਿਰਤ ਨਾਲੋਂ ਟੁੱਟ ਰਿਹਾ ਹੈ | ਉਨ੍ਹਾਂ ਕਿਹਾ ਕਿ ਡਾ. ਮਹਿੰਦਰ ਸਿੰਘ ਰੰਧਾਵਾ ਨੇ ਜਿਸ ਦੂਰ ਦਿ੍ਸ਼ਟੀ ਦੇ ਨਾਲ ਚੰਡੀਗੜ੍ਹ ਅਤੇ ਪੰਜਾਬ ਲਈ ਕਾਰਜ ਕੀਤੇ ਹੁਣ ਸਾਨੂੰ ਵੀ ਉਸੇ ਤਰ੍ਹਾਂ ਦੀ ਸੋਚ ਅਤੇ ਪਹਿਲ ਕਦਮੀ ਦੀ ਜ਼ਰੂਰਤ ਹੈ | ਉਨ੍ਹਾਂ ਆਖਿਆ ਕਿ ਡਾਕਟਰ ਰੰਧਾਵਾ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਮੁੜ ਆਪਣੇ ਨੌਜਵਾਨਾਂ ਨੂੰ ਕਿਰਤ ਨਾਲ ਜੋੜੀਏ ਅਤੇ ਕਿਰਤ ਦੀ ਸ਼ੋਭਾ ਨੂੰ ਵਧਾਈਏ | ਮੰਚ ਸੰਚਾਲਨ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਜ਼ਫ਼ਰ ਨੇ ਕੀਤਾ |
ਪੰਜਾਬ ਕਲਾ ਭਵਨ ਵਿਚ ਐੱਮ. ਐੱਸ. ਰੰਧਾਵਾ ਸਾਹਿਤ ਕਲਾ ਉਤਸਵ ਦਾ ਹੋਇਆ ਆਗ਼ਾਜ਼
ਪੰਜਾਬ ਕਲਾ ਭਵਨ ਵਿਖੇ ਡਾ. ਐੱਮ. ਐੱਸ. ਰੰਧਾਵਾ ਉਤਸਵ ਦੌਰਾਨ ਸੱਭਿਆਚਾਰਕ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸਵਰਨਜੀਤ ਸਵੀ, ਡਾ. ਕਰਮਜੀਤ ਸਿੰਘ, ਡਾ. ਮਦਨ ਗੋਪਾਲ ਅਤੇ ਐੱਸ. ਐੱਸ. ਗੋਸਲ ਆਦਿ | (ਸੱਜੇ) ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ, ਡਾ. ਕਰਮਜੀਤ ਸਿੰਘ, ਅਮਰਜੀਤ ਗਰੇਵਾਲ, ਪ੍ਰੇਰਨਾਪੁਰੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸਨਮਾਨ ਦੇ ਕੇ ਨਿਵਾਜਦੇ ਹੋਏ | ਤਸਵੀਰਾਂ : ਕਮਲਜੀਤ ਸਿੰਘ<br/>
03-02-2026