ਚੰਡੀਗੜ੍ਹ, 3 ਫਰਵਰੀ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇਹ ਕਾਰਵਾਈ ਇੰਸਪੈਕਟਰ ਰਾਜੀਵ ਕੁਮਾਰ, ਐੱਸ. ਐੱਚ. ਓ. ਥਾਣਾ ਸੈਕਟਰ-31 ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਕੀਤੀ ਗਈ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਆਨੰਦ ਕੁਮਾਰ ਉਰਫ਼ ਆਦਰਸ਼ (22) ਵਾਸੀ ਬਾਪੂ ਧਾਮ ਕਾਲੋਨੀ, ਸੈਕਟਰ-26, ਚੰਡੀਗੜ੍ਹ ਵਜੋਂ ਹੋਈ ਹੈ | ਪੁਲਿਸ ਨੇ ਉਸਦੇ ਕਬਜ਼ੇ ਵਿਚੋਂ 9.80 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕੀਤੀ ਹੈ | ਜਾਣਕਾਰੀ ਮੁਤਾਬਿਕ 2 ਫਰਵਰੀ ਨੂੰ ਸ਼ਾਮ ਕਰੀਬ 7 ਵਜੇ ਐੱਸ. ਆਈ. ਰਾਜ ਕੁਮਾਰ ਪੁਲਿਸ ਟੀਮ ਨਾਲ ਉਦਯੋਗਿਕ ਖੇਤਰ ਫ਼ੇਜ਼-2 ਵਿਚ ਪਲਾਟ ਨੰਬਰ 47 ਦੇ ਸਾਹਮਣੇ ਖੁੱਲ੍ਹੇ ਮੈਦਾਨ ਨੇੜੇ ਗਸ਼ਤ ਕਰ ਰਹੇ ਸਨ | ਇਸ ਦੌਰਾਨ ਡੀਟੇਲਿੰਗ ਐਕਸਪਰਟ ਕੰਪਨੀ ਵਲੋਂ ਆਉਂਦੇ ਇਕ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਉਸਨੂੰ ਕਾਬੂ ਕਰਕੇ ਤਲਾਸ਼ੀ ਲਈ, ਜਿਸ ਦੌਰਾਨ ਉਸਦੇ ਕੋਲੋਂ ਹੈਰੋਇਨ ਬਰਾਮਦ ਹੋਈ | ਜਿਸ ਤੋਂ ਬਾਅਦ ਪੁਲਿਸ ਨੇ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ, ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਅਦਾਲਤ ਵਿਖੇ ਪੇਸ਼ ਕੀਤੇ ਜਾਣ ਤੇ ਇਲਾਕਾ ਮੈਜਿਸਰੇਟ ਨੇ ਉਕਤ ਨੌਜਵਾਨ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ | ਹਾਲਾਂਕਿ ਪੁਲਿਸ ਅਨੁਸਾਰ ਉਕਤ ਮੁਲਜ਼ਮ ਦਾ ਪਹਿਲਾਂ ਤੋਂ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ | ਇਸ ਸਬੰਧੀ ਅਗਲੀ ਜਾਂਚ ਜਾਰੀ ਹੈ |