ਐੱਸ. ਏ. ਐੱਸ. ਨਗਰ, 4 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਦੇ ਐਰੋਟ੍ਰੋਪੋਲਿਸ ਖੇਤਰ ਦੇ ਵਿਸਥਾਰ ਲਈ 8 ਪਿੰਡਾਂ ਦੀ 3553 ਏਕੜ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ 'ਚ ਪਿੰਡ ਕੁਰੜੀ ਦੇ ਵਸਨੀਕਾਂ ਵਲੋਂ ਭੌਂ-ਪ੍ਰਾਪਤੀ ਕੁਲੈਕਟਰ ਕੋਲ ਆਪਣੇ ਇਤਰਾਜ਼ ਜਮ੍ਹਾਂ ਕਰਵਾਏ ਗਏ ਹਨ | ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਗਮਾਡਾ ਨੇ ਇਤਰਾਜ਼ਾਂ ਦੀ ਪੂਰਤੀ ਨਾ ਕੀਤੀ ਤਾਂ ਉਹ ਆਪਣੀ ਜ਼ਮੀਨ ਗਮਾਡਾ ਨੂੰ ਨਹੀਂ ਦੇਣਗੇ | ਇਸੇ ਦੌਰਾਨ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਇਤਰਾਜ਼ਾਂ ਦੀਆਂ ਕਾਪੀਆਂ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਅਤੇ ਗਮਾਡਾ ਨੂੰ ਇਹ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ | ਪਿੰਡ ਵਾਸੀਆਂ ਵਲੋਂ ਦਰਜ ਕਰਵਾਏ ਗਏ ਇਤਰਾਜ਼ਾਂ 'ਚ 1 ਏਕੜ ਬਦਲੇ ਲੈਂਡ ਪੂਲਿੰਗ ਤਹਿਤ 1500 ਗਜ਼ ਰਿਹਾਇਸ਼ੀ ਅਤੇ 300 ਗਜ਼ ਵਪਾਰਕ ਥਾਂ ਦੇਣ, ਕਿਸਾਨਾਂ ਨੂੰ ਸ਼ੋਅਰੂਮ 200 ਫੁੱਟ ਚੌੜੀ ਸੜਕ 'ਤੇ ਦੇਣ, ਕਾਰਨਰ ਤੇ ਪਾਰਕ ਫੇਸਿੰਗ ਪਲਾਟ ਬਿਨਾਂ ਕਿਸੇ ਵਾਧੂ ਖ਼ਰਚੇ ਤੋਂ ਕਿਸਾਨਾਂ ਨੂੰ ਦੇਣ, 1 ਲੱਖ ਪ੍ਰਤੀ ਏਕੜ ਸਾਲਾਨਾ ਚਕੌਤਾ ਦੇਣ, ਕਿਸਾਨਾਂ ਨੂੰ ਇਕ ਤੋਂ ਵੱਧ ਪਾਕਿਟਾਂ ਵਿਚ ਆਉਣ ਵਾਲੀ ਜ਼ਮੀਨ ਦੀ ਲੈਂਡ ਪੂਲਿੰਗ ਵਾਧੂ ਰਕਬੇ ਵਾਲੇ ਖੇਤਰ ਵਿਚ ਦੇਣ, ਸਹੂਲਤ ਸਰਟੀਫ਼ਿਕੇਟ ਦੀ ਮਿਆਦ 10 ਸਾਲ ਤੈਅ ਕਰਨ, ਪਿੰਡ ਨੂੰ 200 ਫੁੱਟੀ ਸੜਕ ਦੇਣ, ਸਾਂਝੇ ਕੰਮਾਂ ਲਈ 5 ਏਕੜ ਥਾਂ ਪਿੰਡ ਦੇ ਨੇੜੇ ਛੱਡਣ ਸਮੇਤ ਕੁੱਲ 19 ਮੰਗਾਂ ਸ਼ਾਮਿਲ ਹਨ |