ਲਾਲੜੂ, 20 ਫਰਵਰੀ (ਰਾਜਬੀਰ ਸਿੰਘ)-ਬੀਤੇ ਦਿਨੀਂ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਝਾਰਮੜੀ ਨੇੜੇ ਇਕ 44 ਸਾਲਾ ਪ੍ਰਾਈਵੇਟ ਅਕਾਊਟੈਂਟ ਦਾ ਉਸ ਦੀ ਕੰਪਨੀ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ | ਇਸ ਘਟਨਾ ਤੋਂ 10 ਦਿਨਾਂ ਬਾਅਦ ਵੀ ਇਹ ਮਾਮਲਾ ਪੁਲਿਸ ਲਈ ਇਕ ਅੰਨ੍ਹਾ ਕਤਲ ਬਣਿਆ ਹੋਇਆ ਹੈ | ਮਿ੍ਤਕ ਦੇ ਪਰਿਵਾਰ ਨੇ ਅੱਜ ਥਾਣਾ ਲਾਲੜੂ ਵਿਖੇ ਪੁਲਿਸ ਦੀ ਕਾਰਵਾਈ 'ਤੇ ਨਾਰਾਜ਼ਗੀ ਪ੍ਰਗਟ ਕੀਤੀ | ਪੁਲਿਸ ਹੁਣ ਇਸ ਮਾਮਲੇ ਨੂੰ ਸੁਲਝਾਉਣ ਲਈ ਮੌਕੇ ਤੋਂ ਮੋਬਾਈਲ ਫ਼ੋਨ ਨੰਬਰ ਡੰਪ ਰਿਪੋਰਟ ਹਾਸਿਲ ਕਰਨ ਲਈ ਚਾਰਾਜ਼ੋਈ ਕਰ ਰਹੀ ਹੈ | ਦੱਸਣਯੋਗ ਹੈ ਕਿ 12 ਫਰਵਰੀ ਨੂੰ 44 ਸਾਲਾ ਕੁਲਦੀਪ ਧੀਮਾਨ ਦੀ ਖ਼ੂਨ ਨਾਲ ਲਥਪਥ ਲਾਸ਼ ਇਕ ਖਾਲੀ ਪਲਾਟ ਤੋਂ ਬਰਾਮਦ ਹੋਈ ਸੀ | ਮਿ੍ਤਕ ਦੇ ਪਰਿਵਾਰਕ ਮੈਂਬਰਾਂ, ਜਿਸ 'ਚ ਉਸ ਦੇ ਭਰਾ, ਜੀਜਾ ਅਤੇ ਭਾਣਜੇ ਸ਼ਾਮਿਲ ਸਨ, ਨੇ ਥਾਣਾ ਲਾਲੜੂ ਵਿਖੇ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੁਲਦੀਪ ਦੇ ਸਿਰ, ਗਰਦਨ ਅਤੇ ਪੇਟ 'ਤੇ ਤੇਜ਼ਧਾਰ ਹਥਿਆਰ ਦੇ ਸੱਟਾਂ ਦੇ ਨਿਸ਼ਾਨ ਸਨ | ਮਿ੍ਤਕ ਦਾ ਬਟੂਆ ਉਸ ਦੇ ਕੋਲ ਸੀ, ਪਰ ਉਸ ਦਾ ਮੋਬਾਈਲ ਫ਼ੋਨ ਗਾਇਬ ਸੀ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਇਸ ਮਾਮਲੇ 'ਚ ਦਖ਼ਲ ਦੇਣ ਅਤੇ ਕੁਲਦੀਪ ਨੂੰ ਇਨਸਾਫ਼ ਦਿਵਾਉਣ | ਕੁਲਦੀਪ ਦੇ ਪਰਿਵਾਰ 'ਚ ਉਸ ਦੀ ਪਤਨੀ ਅਤੇ ਦੋ ਪੁੱਤਰ ਹਨ | ਉਧਰ ਥਾਣਾ ਮੁਖੀ ਲਾਲੜੂ ਇੰਸਪੈਕਟਰ ਰਣਵੀਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤੱਕ ਇਹ ਮਾਮਲਾ ਇਕ ਅੰਨ੍ਹਾ ਕਤਲ ਜਾਪਦਾ ਹੈ | ਕਤਲ ਵਾਲੀ ਥਾਂ ਦੇ ਨੇੜੇ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਸੀ ਅਤੇ ਫੈਕਟਰੀ ਦੇ ਸਟਾਫ਼ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਵੀ ਕੋਈ ਰੰਜਿਸ਼ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸੀ. ਆਈ. ਏ. ਕਰਮਚਾਰੀਆਂ ਤੋਂ ਵੀ ਸਹਾਇਤਾ ਮੰਗੀ ਗਈ ਹੈ | ਘਟਨਾ ਵਾਲੀ ਥਾਂ ਦੇ ਨੇੜੇ ਤੋਂ ਸੈੱਲ ਫ਼ੋਨ ਕਾਲਾਂ ਦਾ ਇਕ ਡੰਪ ਇਕੱਤਰਾ ਕਰਕੇ ਜਾਂਚ ਲਈ ਭੇਜਿਆ ਗਿਆ ਹੈ ਅਤੇ ਉਮੀਦ ਹੈ ਕਿ ਇਸ ਦੇ ਆਧਾਰ 'ਤੇ ਮਾਮਲਾ ਸੁਲਝਾ ਲਿਆ ਜਾਵੇਗਾ |