ਐੱਸ. ਏ. ਐੱਸ. ਨਗਰ, 21 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਯੁਵਾ ਮੋਰਚਾ ਦੀ ਸਥਾਨਕ ਇਕਾਈ ਵਲੋਂ 'ਏ. ਆਈ. ਸਮਿੱਟ' ਦੌਰਾਨ ਯੂਥ ਕਾਂਗਰਸ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਸਥਾਨਕ ਫੇਜ਼-3/5 ਦੀਆਂ ਲਾਈਟਾਂ 'ਤੇ ਕਾਂਗਰਸ ਖ਼ਿਲਾਫ਼ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਭਾਜਪਾ ਯੁਵਾ ਮੋਰਚਾ ਦੀ ਸਥਾਨਕ ਇਕਾਈ ਦੇ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਇਸ ਨੂੰ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਦਮ ਕਰਾਰ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਨੇ ਸਮਿੱਟ ਵਾਲੀ ਥਾਂ 'ਤੇ ਅਣਉੱਚਿਤ ਤਰੀਕੇ ਨਾਲ ਹੰਗਾਮਾ ਕੀਤਾ, ਜੋ ਕਿ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਹੈ | ਇਸ ਮੌਕੇ ਭਾਜਪਾ ਯੁਵਾ ਮੋਰਚਾ ਦੀ ਸਥਾਨਕ ਇਕਾਈ ਦੇ ਆਗੂਆਂ ਨੇ ਕਿਹਾ ਕਿ ਜਦੋਂ ਦੇਸ਼ ਵਿਸ਼ਵ-ਪੱਧਰ 'ਤੇ ਤਕਨਾਲੋਜੀ ਦੇ ਖੇਤਰ 'ਚ ਆਪਣੀ ਮਜ਼ਬੂਤ ਪਛਾਣ ਬਣਾ ਰਿਹਾ ਹੈ ਤਾਂ ਇਸ ਤਰ੍ਹਾਂ ਦੇ ਕਦਮ ਭਾਰਤ ਵਿਰੋਧੀ ਤੱਤਾਂ ਨੂੰ ਫ਼ਾਇਦਾ ਪਹੁੰਚਾਉਂਦੇ ਹਨ | ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧ ਹਰ ਪਾਰਟੀ ਦਾ ਲੋਕਤੰਤਰਿਕ ਅਧਿਕਾਰ ਹੈ, ਪਰ ਮਹੱਤਵਪੂਰਨ ਅੰਤਰਰਾਸ਼ਟਰੀ ਮੰਚਾਂ 'ਤੇ ਹੰਗਾਮਾ ਕਰਨਾ ਦੇਸ਼ ਦੀ ਵਿਸ਼ਵ ਪੱਧਰੀ ਛਵੀ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਪ੍ਰਦਰਸ਼ਨ ਸੋਚੀ-ਸਮਝੀ ਸਾਜਿਸ਼ ਦਾ ਹਿੱਸਾ ਹੈ ਅਤੇ ਕਾਂਗਰਸ ਦੀ ਸੋਚੀ-ਸਮਝੀ ਰਣਨੀਤੀ ਤਹਿਤ ਕੀਤੀ ਗਈ ਕਾਰਵਾਈ ਹੈ |