ਐੱਸ.ਏ.ਐੱਸ. ਨਗਰ, 21 ਫਰਵਰੀ (ਪ੍ਰੋ. ਅਵਤਾਰ ਸਿੰਘ)-ਅਮਰ ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਾਕਾ ਨਾਨਕਾਣਾ ਸਾਹਿਬ ਜੀ ਨੂੰ 105 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸੰਬੰਧ 'ਚ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰਮਤਿ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ਼ੇਰ-ਏ-ਪੰਜਾਬ ਕਵੀਸ਼ਰੀ ਜਥੇ ਨੇ 1921 ਈ. 'ਚ ਧਰਮ ਦੀ ਖ਼ਾਤਿਰ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਸਿੰਘਾਂ ਵਲੋਂ ਪ੍ਰਾਪਤ ਕੀਤੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ | ਇਸ ਤੋਂ ਬਾਅਦ ਬੀਬੀ ਉੱਤਮਜੀਤ ਕੌਰ ਦੇ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ ਕੀਤਾ, ਜਦਕਿ ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਆਪਣੇ ਪ੍ਰਵਚਨਾਂ ਦੌਰਾਨ ਸ੍ਰੀ ਨਨਕਾਣਾ ਸਾਹਿਬ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਤੋਂ ਇਲਾਵਾ ਭਾਈ ਗੁਰਸੇਵਕ ਸਿੰਘ, ਭਾਈ ਹਰਪ੍ਰੀਤ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਹਰਿਜਸ ਕੀਰਤਨੀ ਜਥੇ, ਭਗੜਾਣੇ ਵਾਲਿਆਂ ਦੇ ਕਵੀਸ਼ਰੀ ਜਥੇ, ਭਾਈ ਸਰੂਪ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਹਰਬੀਰ ਸਿੰਘ ਤੇ ਭਾਈ ਹਰਜੋਤ ਸਿੰਘ ਦੇ ਜਥੇ ਸਮੇਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਹਜ਼ੂਰੀ ਜਥੇ ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹਜ਼ਾਰਾਂ ਸੰਗਤਾਂ ਨੇ ਇਸ ਅਸਥਾਨ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ | ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |