ਐੱਸ. ਏ. ਐੱਸ. ਨਗਰ,21 ਫਰਵਰੀ (ਪ੍ਰੋ. ਅਵਤਾਰ ਸਿੰਘ)-ਪਿੰਡ ਚਡਿਆਲਾ ਸੂਦਾਂ ਵਿਖੇ ਜਲ-ਅਰਪਣ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਪ੍ਰੋਗਰਾਮ 'ਚ ਜਲ ਸਪਲਾਈ ਵਿਭਾਗ ਵਲੋਂ ਐੱਸ. ਡੀ. ਈ. ਸੈਨੀਟੇਸ਼ਨ ਹਰਦੀਪ ਸਿੰਘ, ਬੀ. ਆਰ. ਸੀ. ਇੰਦਰਜੀਤ ਸਿੰਘ ਤੇ ਸੀ. ਡੀ. ਐੱਸ. ਰਿੰਪੀ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਸਮੇਤ ਹੋਰ ਮੈਂਬਰ ਤੇ ਪਿੰਡ ਵਾਸੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਜਲ ਸਪਲਾਈ ਸਕੀਮ ਨੂੰ ਗ੍ਰਾਮ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਸਪੁਰਦ ਕੀਤਾ ਗਿਆ | ਇਸ ਮੌਕੇ ਚੇਅਰਮੈਨ ਬਲਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਕਮੇਟੀ ਵਲੋਂ ਸਕੀਮ ਦੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸੰਭਾਲ ਕੀਤੀ ਜਾਵੇਗੀ ਅਤੇ ਪਿੰਡ ਵਾਸੀਆਂ ਨੂੰ ਸਾਫ਼ ਅਤੇ ਸਵੱਛ ਪੀਣ-ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ | ਇਸ ਤੋਂ ਬਾਅਦ ਐੱਸ. ਡੀ. ਈ. ਹਰਦੀਪ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਲ ਸਪਲਾਈ ਵਿਭਾਗ ਹਮੇਸ਼ਾ ਗ੍ਰਾਮ ਪੰਚਾਇਤ ਅਤੇ ਕਮੇਟੀ ਦੇ ਨਾਲ ਖੜ੍ਹਾ ਹੈ ਅਤੇ ਜਦੋਂ ਵੀ ਕਿਸੇ ਕਿਸਮ ਦੀ ਲੋੜ ਪਵੇਗੀ, ਵਿਭਾਗ ਪੂਰਾ ਸਹਿਯੋਗ ਦੇਵੇਗਾ | ਅੰਤ 'ਚ ਵਿਭਾਗੀ ਅਧਿਕਾਰੀਆਂ ਵਲੋਂ ਪਿੰਡ ਵਾਸੀਆਂ ਨੂੰ ਪਾਣੀ ਦੀ ਸੰਭਾਲ ਤੇ ਸਹੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਭਵਿੱਖ 'ਚ ਪਾਣੀ ਦੇ ਸ੍ਰੋਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ |