ਖਰੜ, 22 ਫ਼ਰਵਰੀ (ਗੁਰਮੁੱਖ ਸਿੰਘ ਮਾਨ)-ਹਿਮਾਚਲੀ ਮਹਾਂਸਭਾ ਪੰਜਾਬ ਵਲੋਂ ਮੈਕਸਿਮ ਮੈਰੀ ਸਕੂਲ ਖਰੜ ਵਿਖੇ ਕਰਵਾਏ 11ਵਾਂ ਸਾਲਾਨਾ ਮਿਲਣ ਸਮਾਰੋਹ ਇਸ ਵਾਰ ਸਿਰਫ਼ ਸਾਂਸਕਿ੍ਤਿਕ ਪੱਖੋਂ ਹੀ ਨਹੀਂ, ਸਗੋਂ ਸਿਆਸੀ ਚਰਚਾ ਕਰਕੇ ਵੀ ਖਾਸ ਅਹਿਮ ਰਿਹਾ | ਇਸ ਸਮਾਰੋਹ ਦੀ ਮੁੱਖ ਵਿਸ਼ੇਸ਼ਤਾ ਹਿਮਾਚਲੀ ਧਾਮ ਰਹੀ, ਜਿਸਨੂੰ ਵਿਸ਼ੇਸ਼ ਤੌਰ 'ਤੇ ਹਿਮਾਚਲ ਪ੍ਰਦੇਸ਼ ਤੋਂ ਬੁਲਾਏ ਗਏ ਰਸੋਈਆਂ ਨੇ ਤਿਆਰ ਕੀਤਾ | ਇਸ ਮੌਕੇ ਹਜ਼ਾਰਾਂ ਲੋਕਾਂ ਨੇ ਪਰੰਪਰਾਗਤ ਹਿਮਾਚਲੀ ਵਿਅੰਜਨਾਂ ਦਾ ਆਨੰਦ ਲਿਆ | ਇਸ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਖਰੜ ਦੀ ਪ੍ਰਧਾਨ ਅੰਜੂ ਚੰਦਰ ਹਾਜ਼ਰ ਰਹੇ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪਠਾਨਕੋਟ ਤੋਂ ਵਿਧਾਇਕ ਤੇ ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਬੜਸਰ ਤੋਂ ਵਿਧਾਇਕ ਇੰਦਰ ਦੱਤ ਲਖਨਪਾਲ ਤੇ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ, ਵਿਧਾਇਕ ਰਾਮ ਸਰੂਪ, ਵਿਧਾਇਕ ਸੋਹਣ ਸਿੰਘ, ਮੈਕਸਿਮ ਮੈਰੀ ਸਕੂਲ ਦੇ ਚੇਅਰਮੈਨ ਹਿਤੇਂਦਰ ਕੌਸ਼ਿਕ ਸਮੇਤ ਕਈ ਮੁਹਤਬਰ ਵਿਅਕਤੀ ਮੌਜੂਦ ਸਨ | ਇਹ ਸਮਾਰੋਹ ਕੇਵਲ ਹਿਮਾਚਲੀ ਧਾਮ ਤੱਕ ਸੀਮਿਤ ਨਹੀਂ ਰਿਹਾ, ਸਗੋਂ ਹਿਮਾਚਲੀ ਭਾਈਚਾਰੇ ਨੇ ਆਪਣੇ ਸਮਾਜਿਕ ਮਸਲਿਆਂ ਅਤੇ ਇਲਾਕੇ ਨਾਲ ਜੁੜੀਆਂ ਸਮੱਸਿਆਵਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ | ਇਸ ਦੌਰਾਨ ਲੋਕਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਖਰੜ ਵਿਧਾਨ ਸਭਾ ਹਲਕੇ ਤੋਂ ਹਿਮਾਚਲ ਨਾਲ ਸੰਬੰਧਤ ਕਿਸੇ ਉਮੀਦਵਾਰ ਨੂੰ ਮੈਦਾਨ 'ਚ ਉਤਾਰਨ ਦੀ ਮੰਗ ਕੀਤੀ | ਉਨ੍ਹਾਂ ਮੰਨਣਾ ਹੈ ਕਿ ਇਲਾਕੇ 'ਚ ਹਿਮਾਚਲੀ ਭਾਈਚਾਰੇ ਦੀ ਵੱਡੀ ਅਬਾਦੀ ਹੈ, ਇਸ ਲਈ ਆਪਣੀ ਆਵਾਜ਼ ਮਜ਼ਬੂਤੀ ਨਾਲ ਉਠਾਉਣ ਲਈ ਸਥਾਨਕ ਨੁਮਾਇੰਦੇ ਦੀ ਲੋੜ ਹੈ | ਇਸ ਮਹਾਂਸਭਾ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਹਿਮਾਚਲੀ ਸਮਾਜ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹਿਮਾਚਲੀ ਲੋਕ ਆਪਣੀ ਇਮਾਨਦਾਰੀ ਤੇ ਮਿਹਨਤ ਕਰਕੇ ਇਲਾਕੇ 'ਚ ਵਿਲੱਖਣ ਪਹਿਚਾਣ ਬਣਾਉਣ 'ਚ ਕਾਮਯਾਬ ਰਹੇ ਹਨ ਤੇ ਇਹ ਖਰੜ ਦੇ ਵਿਕਾਸ 'ਚ ਅਹਿਮ ਯੋਗਦਾਨ ਪਾ ਰਹੇ ਹਨ | ਮਹਾਂਸਭਾ ਦੇ ਸੰਸਥਾਪਕ ਸੁਧੀਰ ਗੁਲੇਰੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਭਵਿੱਖ 'ਚ ਵੀ ਜਾਰੀ ਰਹਿਣਗੇ ਤਾਂ ਜੋ ਹਿਮਾਚਲੀ ਵਿਰਾਸਤ ਨੂੰ ਸੰਭਾਲਿਆ ਜਾ ਸਕੇ | ਇਸ ਸਮਾਰੋਹ ਦੌਰਾਨ ਹਿਮਾਚਲੀ ਲੋਕ ਗਾਇਕ ਵਿਜੈ ਰਤਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਮਾਂ ਬੰਨ੍ਹ ਦਿੱਤਾ | ਇਹ ਹਿਮਾਚਲੀ ਧਾਮ ਪ੍ਰਸਿੱਧ ਰਸੋਈਏ ਰਵੀ ਕੁਮਾਰ ਵਲੋਂ ਤਿਆਰ ਕੀਤੀ ਗਈ, ਜੋ ਪਿਛਲੇ 10 ਸਾਲਾਂ ਤੋਂ ਲਗਾਤਾਰ ਇਸ ਸਮਾਰੋਹ 'ਚ ਪਰੰਪਰਾਗਤ ਧਾਮ ਤਿਆਰ ਕਰ ਰਹੇ ਹਨ |