ਚੰਡੀਗੜ੍ਹ, 25 ਫ਼ਰਵਰੀ (ਸੰਦੀਪ ਕੁਮਾਰ ਮਾਹਨਾ)-ਨਗਰ ਨਿਗਮ ਚੰਡੀਗੜ੍ਹ ਨੇ ਮਨੀਮਾਜਰਾ ਸੈਕਟਰ 13 ਇਲਾਕੇ 'ਚ ਜਨਤਕ ਪਾਰਕਿੰਗ ਦੇ ਗ਼ਲਤ ਇਸਤੇਮਾਲ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਵੱਡੀ ਕਾਰਵਾਈ ਕੀਤੀ | ਕਾਰਵਾਈ ਦੌਰਾਨ ਅਣਅਧਿਕਾਰਤ ਤੌਰ 'ਤੇ ਚੱਲ ਰਹੀਆਂ ਵਪਾਰਕ ਗਤੀਵਿਧੀਆਂ 'ਤੇ ਰੋਕ ਲਗਾਈ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚਲਾਨ ਕੱਟ ਕੇ ਵਾਹਨ ਜ਼ਬਤ ਕੀਤੇ ਗਏ | ਕਾਰਵਾਈ ਦੌਰਾਨ ਤਹਿਬਾਜ਼ਾਰੀ ਟੀਮ ਨੇ 'ਫਨ ਰਿਪਬਲਿਕ' ਦੀ ਪਾਰਕਿੰਗ 'ਚ ਕਈ ਵਾਹਨਾਂ ਦੀ ਗੈਰ-ਕਾਨੂੰਨੀ ਮੁਰੰਮਤ ਹੋਣ ਦੀ ਪਛਾਣ ਕੀਤੀ, ਜਿਸ ਨਾਲ ਜਨਤਕ ਪਾਰਕਿੰਗ ਥਾਂ ਦੀ ਰੁਕਾਵਟ ਅਤੇ ਦੁਰਵਰਤੋਂ ਹੋ ਰਹੀ ਸੀ | ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਅਣਅਧਿਕਾਰਤ ਵਪਾਰਕ ਗਤੀਵਿਧੀਆਂ ਲਈ ਵਰਤੇ ਜਾ ਰਹੇ ਵਾਹਨਾਂ ਅਤੇ ਮਸ਼ੀਨਰੀ ਨੂੰ ਕਬਜ਼ੇ ਵਿਚ ਲੈ ਲਿਆ | ਮੁਹਿੰਮ ਦੌਰਾਨ ਟੀਮ ਵਲੋਂ ਕੁੱਲ 53 ਚਲਾਨ ਕੱਟੇ ਗਏ | ਜ਼ਬਤ ਕੀਤੇ ਗਏ ਵਾਹਨਾਂ 'ਚ 4 ਬੱਸਾਂ, 7 ਰਿਕਵਰੀ ਵੈਨਾਂ ਅਤੇ ਕ੍ਰੇਨਾਂ, ਇਕ ਵੱਡੀ ਹਾਈਡਰਾ ਕ੍ਰੇਨ ਅਤੇ 25 ਕਾਰਾਂ ਸ਼ਾਮਲ ਹਨ | ਇਸ ਤੋਂ ਇਲਾਵਾ ਸੜਕ ਕਿਨਾਰੇ ਗੈਰ-ਕਾਨੂੰਨੀ ਤੌਰ 'ਤੇ ਮੁਰੰਮਤ ਕਰ ਰਹੇ ਮਕੈਨਿਕਾਂ ਵਲੋਂ ਵਰਤੇ ਜਾ ਰਹੇ ਜੈਕ ਅਤੇ ਮਸ਼ੀਨਾਂ ਵੀ ਜ਼ਬਤ ਕੀਤੀਆਂ ਗਈਆਂ | ਇਕ ਬਿਨਾਂ ਮਨਜ਼ੂਰੀ ਖੜੀ ਕੀਤੀ ਬੱਸ, ਰਿਕਵਰੀ ਵੈਨ ਅਤੇ ਕ੍ਰੇਨ ਸਮੇਤ ਹੋਰ ਵਾਹਨਾਂ ਨੂੰ ਵੀ ਮਿਊਾਸਪਲ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਕਬਜ਼ੇ ਵਿਚ ਲਿਆ ਗਿਆ | ਇਹ ਮੁਹਿੰਮ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਡਾ ਹਿਮਾਂਸ਼ੂ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਤਹਿਬਾਜ਼ਾਰੀ ਸੁਪਰਡੈਂਟ ਸੁਨੀਲ ਦੱਤ ਦੀ ਦੇਖ-ਰੇਖ 'ਚ ਚਲਾਈ ਗਈ | ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਜਨਤਕ ਥਾਵਾਂ 'ਤੇ ਕਬਜ਼ਿਆਂ ਅਤੇ ਗੈਰ-ਕਾਨੂੰਨੀ ਵਪਾਰਕ ਗਤੀਵਿਧੀਆਂ ਖ਼ਿਲਾਫ਼ ਅੱਗੇ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ | ਨਿਗਮ ਅਧਿਕਾਰੀਆਂ ਨੇ ਦੁਹਰਾਇਆ ਕਿ ਸ਼ਹਿਰ 'ਚ ਟ੍ਰੈਫ਼ਿਕ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਅਤੇ ਜਨਤਕ ਪਾਰਕਿੰਗ ਥਾਵਾਂ ਨੂੰ ਗਲਤ ਇਸਤੇਮਾਲ ਤੋਂ ਬਚਾਉਣ ਲਈ ਆਉਣ ਵਾਲੇ ਦਿਨਾਂ 'ਚ ਅਜਿਹੀਆਂ ਮੁਹਿੰਮਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਮਿਊਾਸਪਲ ਕਾਨੂੰਨਾਂ ਦੀ ਪਾਲਣਾ ਤੇ ਸ਼ਹਿਰੀ ਅਨੁਸ਼ਾਸਨ ਕਾਇਮ ਰਹੇ |