ਖਰੜ, 26 ਫਰਵਰੀ (ਜੰਡਪੁਰੀ)-ਡਾ. ਸੁਖਜਿੰਦਰ ਸਿੰਘ ਬਾਜਵਾ ਮੁੱਖ ਖੇਤੀਬਾੜੀ ਅਫ਼ਸਰ ਮੁਹਾਲੀ ਵਲੋਂ ਪਿੰਡ ਘੜੂੰਆਂ, ਬਜਹੇੜੀ, ਸਿੱਲ, ਫਤਿਹਪੁਰ ਥੇੜ੍ਹੀ ਤੇ ਸੋਤਲ ਵਿਖੇ ਕਣਕ, ਛੋਲੇ, ਮਸਰੀ ਅਤੇ ਸਰੋ੍ਹਾ ਦੀਆਂ ਫ਼ਸਲਾਂ ਦਾ ਕੀੜੇ ਦੇ ਹਮਲੇ ਅਤੇ ਬਿਮਾਰੀਆਂ ਸੰਬੰਧੀ ਸਰਵੇਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਖੇਤੀਬਾੜੀ ਅਫ਼ਸਰ ਡਾ. ਸ਼ੁਭਕਰਨ ਸਿੰਘ ਧਾਲੀਵਾਲ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਦਿਆਲ ਕੁਮਾਰ, ਵਿਭਾਗ ਦੇ ਕਰਮਚਾਰੀ ਜਸਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ | ਨਿਰੀਖਣ ਦੌਰਾਨ ਕਣਕ ਦੀ ਫ਼ਸਲ 'ਤੇ ਚੇਪੇ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਪਾਇਆ ਗਿਆ, ਜਿਸ ਦੇ ਚਲਦਿਆਂ ਮੁੱਖਖੇਤੀਬਾੜੀ ਅਫ਼ਸਰ ਵਲੋਂ ਕਿਸਾਨਾਂ ਨੂੰ ਬੇਲੋੜੀਆਂ ਜ਼ਹਿਰਾਂ ਦੀ ਸਪਰੇਅ ਨਾ ਕਰਨ ਦੀ ਸਲਾਹ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਜੇਕਰ 10 ਕਣਕ ਦੇ ਸਿੱਟਿਆਂ 'ਚ ਔਸਤਨ 5 ਚੇਪੇ ਪ੍ਰਤੀ ਸਿੱਟੇ ਤੋਂ ਵਧਦੇ ਹਨ ਤਾਂ 20 ਗ੍ਰਾਮ (ਥਾਇਆਮੈਥੈਕਸ) ਦਾ ਇਕ ਛਿੜਕਾਅ 80 ਤੋਂ ਲੈ ਕੇ 100 ਲੀਟਰ ਪਾਣੀ 'ਚ ਘੋਲ ਕੇ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਨਿਰੀਖਣ ਦੌਰਾਨ ਕਣਕ ਦੀ ਫ਼ਸਲ ਦੀ ਮੁੱਖ ਬਿਮਾਰੀ ਪੀਲੀ ਕੂੰਗੀ ਦਾ ਕਿਧਰੇ ਹਮਲਾ ਦਿਖਾਈ ਨਹੀਂ ਦਿੱਤਾ, ਲਿਹਾਜ਼ਾ ਬੀਜ ਵਾਲੀ ਕਣਕ ਤੋਂ ਇਲਾਵਾ ਹੋਰ ਕਿਸੇ ਵੀ ਖੇਤ 'ਚ ਫੰਜੀਸਾਈਡ ਦਾ ਸਪਰੇਅ ਕਰਨ ਦੀ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਪੀਲੀ ਕੂੰਗੀ ਦੇ ਹਮਲੇ ਦੀ ਜਾਂਚ ਲਈ ਲਗਾਤਾਰ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਕਿਸਾਨ ਆਗੂ ਮੇਹਰ ਸਿੰਘ ਥੇੜ੍ਹੀ, ਭਗਵੰਤ ਸਿੰਘ ਫਤਿਹਪੁਰ ਥੇੜ੍ਹੀ, ਬੇਲਰ ਮਾਲਕ ਅਵਤਾਰ ਸਿੰਘ, ਰਣਜੀਤ ਸਿੰਘ ਬਜਹੇੜੀ, ਲਖਵਿੰਦਰ ਸਿੰਘ ਸਿੱਲ ਆਦਿ ਕਿਸਾਨਾਂ ਵਲੋਂ ਖੇਤੀਬਾੜੀ ਅਫ਼ਸਰਾਂ ਨੂੰ ਫ਼ਸਲਾਂ ਦੀ ਤਾਜਾ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ |