ਪੀ. ਜੀ. ਆਈ. ਦੇ ਦੋ ਮੁਲਾਜ਼ਮਾਂ ਨੂੰ ਕੈਟ ਤੋਂ ਵੱਡੀ ਰਾਹਤ, 1997 ਤੋਂ ਕੀਤੀ ਆਰਜ਼ੀ ਸੇਵਾ ਵੀ ਵਿੱਤੀ ਲਾਭਾਂ ਲਈ ਗਿਣੀ ਜਾਵੇਗੀ
ਚੰਡੀਗੜ੍ਹ, 25 ਨਵੰਬਰ (ਮਾਰਕੰਡਾ)-ਪੀ. ਜੀ.
ਚੰਡੀਗੜ੍ਹ, 25 ਨਵੰਬਰ (ਮਾਰਕੰਡਾ)-ਪੀ. ਜੀ. ਆਈ. ਚੰਡੀਗੜ੍ਹ ਦੇ ਦੋ ਮੁਲਾਜ਼ਮਾਂ ਦੇ ਹੱਕ ’ਚ ਅਹਿਮ ਫ਼ੈਸਲਾ ਸੁਣਾਉਂਦਿਆਂ ਸੈਂਟਰਲ ਐਡਮਿਨਿਸਟਰੇਟਿਵ ਟ੍ਰਿਬਿਊਨਲ (ਕੈਟ) ਚੰਡੀਗੜ੍ਹ ਬੈਂਚ ਨੇ ਉਨ੍ਹਾਂ ਦੀ ਰੈਗੂਲਰ ਹੋਣ ਤੋਂ ਪਹਿਲਾਂ ਦੀ ਆਰਜ਼ੀ ਸੇਵਾ ਨੂੰ ਵੀ ਵਿੱਤੀ ਤਰੱਕੀ ਦੇ ਲਾਭਾਂ ਲਈ ਗਿਣਨ ਦੇ ਹੁਕਮ ਦਿੱਤੇ ਹਨ। ਇਸ ਫ਼ੈਸਲੇ ਨਾਲ ਦੋਵਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੀ। ਇਹ ਮਾਮਲਾ ਪੀ. ਜੀ. ਆਈ. ਦੇ ਇੰਜੀਨੀਅਰਿੰਗ ਤੇ ਪਲਾਨਿੰਗ ਵਿਭਾਗ ਵਿਚ ਕੰਮ ਕਰਨ ਵਾਲੇ ਦੋ ਮੁਲਾਜ਼ਮਾਂ ਰਮੇਸ਼ ਕੁਮਾਰ ਤੇ ਰਘਬੀਰ ਸਿੰਘ ਨਾਲ ਸੰਬੰਧਤ ਸੀ। ਦੋਵਾਂ ਮੁਲਾਜ਼ਮਾਂ ਦੀ ਨਿਯੁਕਤੀ 26 ਮਾਰਚ 1997 ਨੂੰ ਆਰਜ਼ੀ ਸੇਵਾਦਾਰ ਵਜੋਂ ਹੋਈ ਸੀ। ਬਾਅਦ ਵਿਚ 26 ਅਗਸਤ 2013 ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਆਫਿਸ ਅਟੈਂਡੈਂਟ ਗ੍ਰੇਡ-3 ਦੇ ਅਹੁਦੇ ’ਤੇ ਸ਼ਾਮਲ ਕੀਤਾ ਗਿਆ। ਮੁਲਾਜ਼ਮਾਂ ਦੀ ਮੰਗ ਸੀ ਕਿ ਰੈਗੂਲਰ ਹੋਣ ਤੋਂ ਪਹਿਲਾਂ ਕੀਤੀ ਗਈ ਉਨ੍ਹਾਂ ਦੀ ਆਰਜ਼ੀ ਸੇਵਾ ਨੂੰ ਵੀ 10, 20 ਤੇ 30 ਸਾਲ ਦੀ ਸੇਵਾ ਦੇ ਆਧਾਰ ’ਤੇ ਮਿਲਣ ਵਾਲੇ ਵਿੱਤੀ ਲਾਭਾਂ (ਏ. ਸੀ. ਪੀ./ਐਮ. ਏ. ਸੀ. ਪੀ. ਸਕੀਮ) ਲਈ ਗਿਣਿਆ ਜਾਵੇ। ਇਸ ਸੰਬੰਧੀ ਉਨ੍ਹਾਂ ਨੇ ਕਈ ਵਾਰ ਪੀ. ਜੀ. ਆਈ. ਪ੍ਰਸ਼ਾਸਨ ਕੋਲ ਆਪਣੀ ਮੰਗ ਰੱਖੀ, ਪਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਮੰਗ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਦੋਵਾਂ ਮੁਲਾਜ਼ਮਾਂ ਨੇ ਕੈਟ ਦਾ ਦਰਵਾਜ਼ਾ ਖੜਕਾਇਆ। ਮਾਮਲੇ ਦੀ ਸੁਣਵਾਈ ਦੌਰਾਨ ਟ੍ਰਿਬਿਊਨਲ ਨੇ ਸੁਪਰੀਮ ਕੋਰਟ ਦੇ ਹਰੀਦਾਸ ਕੇ. ਬਨਾਮ ਯੂਨੀਅਨ ਆਫ਼ ਇੰਡੀਆ ਮਾਮਲੇ ਦੇ ਫ਼ੈਸਲੇ ਦਾ ਵੀ ਹਵਾਲਾ ਦਿੱਤਾ। ਬੈਂਚ ਨੇ ਕਿਹਾ ਕਿ ਜਦੋਂ ਮੁਲਾਜ਼ਮਾਂ ਦੀ ਸੇਵਾ ਲਗਾਤਾਰ ਰਹੀ ਹੈ ਅਤੇ ਬਾਅਦ ਵਿਚ ਉਨ੍ਹਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਹੈ ਤਾਂ ਸਿਰਫ਼ ਇਸ ਆਧਾਰ ’ਤੇ ਉਨ੍ਹਾਂ ਦੀ ਪਹਿਲਾਂ ਦੀ ਸੇਵਾ ਨੂੰ ਵਿੱਤੀ ਲਾਭਾਂ ਲਈ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਟ੍ਰਿਬਿਊਨਲ ਨੇ ਪੀ.ਜੀ.ਆਈ ਪ੍ਰਸ਼ਾਸਨ ਨੂੰ 12 ਸਤੰਬਰ 2018 ਨੂੰ ਜਾਰੀ ਕੀਤੇ ਗਏ ਹੁਕਮ ਨੂੰ ਰੱਦ ਕਰਦਿਆਂ ਦੋਵਾਂ ਮੁਲਾਜ਼ਮਾਂ ਦੀ 3 ਅਪ੍ਰੈਲ 1997 ਤੋਂ ਰੈਗੂਲਰ ਹੋਣ ਤੱਕ ਦੀ ਪੂਰੀ ਬਿਨਾਂ ਰੁਕਾਵਟ ਵਾਲੀ ਆਰਜ਼ੀ ਸੇਵਾ ਨੂੰ ਏ.ਸੀ.ਪੀ/ਐਮ.ਏ.ਸੀ.ਪੀ ਸਕੀਮ ਤਹਿਤ ਵਿੱਤੀ ਲਾਭਾਂ ਲਈ ਗਿਣਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਨੂੰ ਕਾਪੀ ਮਿਲਣ ਤੋਂ ਤਿੰਨ ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਵੇਗਾ।