ਮਾਜਰੀ, 5 ਮਾਰਚ (ਕੁਲਵੰਤ ਸਿੰਘ ਧੀਮਾਨ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸਿਰਫ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਦਾਅਵਿਆਂ ਤੱਕ ਹੀ ਸੀਮਿਤ ਹੈ, ਪਰ ਹੇਠਲੇ ਪੱਧਰ 'ਤੇ ਥਾਣਾ ਮਾਜਰੀ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿਚ ਨਸ਼ੇ ਦੀ ਤਸਕਰੀ ਨਿਰੰਤਰ ਜਾਰੀ ਹੈ | ਅਜਿਹੇ ਹੀ ਇਕ ਮਾਮਲੇ 'ਚ ਪਿੰਡ ਖਿਜ਼ਰਾਬਾਦ ਦੇ ਮੁਹਤਬਰਾਂ ਵਲੋਂ ਦੋ ਨੌਜਵਾਨਾਂ ਅਤੇ ਇਕ ਔਰਤ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਥਾਣਾ ਮਾਜਰੀ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ | ਇਸ ਮੌਕੇ ਜਦੋਂ ਮੁਹਤਬਰਾਂ ਨੇ ਨੌਜਵਾਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਹੋ ਤਾਂ ਉਨ੍ਹਾਂ ਦੱਸਿਆ ਕਿ ਉਹ ਡੱਡੂਮਾਜਰਾ (ਯੂ. ਟੀ.) ਤੋਂ ਨਸ਼ਾ ਲਿਆ ਕੇ ਖੇਤਰ 'ਚ ਵੇਚਦੇ ਹਨ ਅਤੇ ਖ਼ੁਦ ਵੀ ਨਸ਼ੇ ਦਾ ਸੇਵਨ ਕਰਦੇ ਹਨ | ਪਿੰਡ ਵਾਸੀਆਂ ਵਲੋਂ ਨੌਜਵਾਨਾਂ ਦੀ ਸ਼ਨਾਖਤ ਗਗਨਦੀਪ ਸਿੰਘ ਤੇ ਨਰਿੰਦਰ ਸਿੰਘ ਦੋਵੇਂ ਵਾਸੀਆਨ ਪਿੰਡ ਖਿਜ਼ਰਾਬਾਦ ਦੇ ਰੂਪ 'ਚ ਕੀਤੀ ਗਈ, ਜਦਕਿ ਔਰਤ ਦੀ ਪਛਾਣ ਗੀਤਾ ਪੁੱਤਰ ਰਾਮਪੁਰ ਪੁਰਖਾਲੀ ਟੱਪਰੀਆਂ ਵਜੋਂ ਹੋਈ | ਇਸੇ ਦੌਰਾਨ ਮੁਹਤਬਰਾਂ ਨੇ ਕਿਹਾ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨ ਅਤੇ ਔਰਤ ਅਕਸਰ ਖਿਜ਼ਰਾਬਾਦ-ਮੀਆਂਪੁਰ ਰੋਡ 'ਤੇ ਖੜ੍ਹੇ ਆਪਣੇ ਗ੍ਰਾਹਕਾਂ ਨੂੰ ਸ਼ਰੇ੍ਹਆਮ ਨਸ਼ੀਲੇ ਪਦਾਰਥ ਵੇਚਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਪੁਲਿਸ ਨੂੰ ਨਸ਼ਾ ਤਸਕਰਾਂ ਜਾਂ ਨਸ਼ੀਲੇ ਪਦਾਰਥਾਂ ਬਾਰੇ ਕੋਈਸੂਚਨਾ ਦਿੰਦਾ ਹੈ ਤਾਂ ਇਤਲਾਹ ਦੇਣ ਵਾਲੇ ਵਿਅਕਤੀ ਨੂੰ ਹੀ ਬਿਆਨ ਦਰਜ ਕਰਵਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਜਿਸ ਕਰਕੇ ਲੋਕ ਨਸ਼ਾ ਵੇਚਣ ਵਾਲਿਆਂ ਤੇ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸ਼ਿਕਾਇਤ ਦੇਣ ਤੋਂ ਝਿਜਕਦੇ ਹਨ | ਇਸ ਸੰਬੰਧ 'ਚ ਗੱਲਬਾਤ ਕਰਦਿਆਂ ਲੋਕ-ਹਿੱਤ ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸ਼ਾਂਟੂ, ਮਾ. ਹਰਨੇਕ ਸਿੰਘ ਬੜੌਦੀ, ਜਸਵੀਰ ਸਿੰਘ, ਅਵਤਾਰ ਸਿੰਘ, ਰਵਿੰਦਰ ਸਿੰਘ ਤੇ ਜਗਦੀਪ ਸਿੰਘ ਆਦਿ ਨੇ ਕਿਹਾ ਕਿ ਪੁਲਿਸ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਗ਼ਲਤ ਅਨਸਰਾਂ ਖ਼ਿਲਾਫ਼ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੁੰਦੀ | ਉਨ੍ਹਾਂ ਡੀ. ਜੀ. ਪੀ. ਪੰਜਾਬ ਤੋਂ ਮੰਗ ਕੀਤੀ ਕਿ ਗ਼ਲਤ ਅਨਸਰਾਂ ਨੂੰ ਨੱਥ ਪਾਈ ਜਾਵੇ | ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧ ਵਿਚ ਐਸ. ਐਚ. ਓ. ਨਵਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਬੂ ਨੌਜਵਾਨਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ, ਪਰ ਇਨ੍ਹਾਂ ਨੌਜਵਾਨਾਂ ਕੋਲੋਂ ਕੋਈ ਨਸ਼ੀਲਾ ਪਦਾਰਥ ਬਰਮਾਦ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਜਦੋਂ ਕਾਬੂ ਨੌਜਵਾਨ ਗਗਨਦੀਪ ਸਿੰਘ ਤੇ ਨਰਿੰਦਰ ਸਿੰਘ ਤੇ ਔਰਤ ਗੀਤਾ ਦਾ ਡੋਪ ਟੈਸਟ ਕਰਵਾਇਆ ਗਿਆ ਤਾਂ ਗਗਨਦੀਪ ਸਿੰਘ ਤੇ ਨਰਿੰਦਰ ਸਿੰਘ ਦੀ ਰਿਪੋਰਟ ਪਾਜ਼ੀਟਿਵ ਆਈ, ਜਦਕਿ ਔਰਤ ਦੀ ਰਿਪੋਰਟ ਨੈਗਟਿਵ ਆਉਣ ਕਰਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਤੇ ਨਰਿੰਦਰ ਸਿੰਘ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਨ ਉਪਰੰਤ ਉਨ੍ਹਾਂ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਸੈਕਟਰ-66 ਮੁਹਾਲੀ ਵਿਖੇ ਭੇਜ ਦਿੱਤਾ ਗਿਆ |