ਲਾਲੜੂ, 5 ਮਾਰਚ (ਰਾਜਬੀਰ ਸਿੰਘ)-ਲਾਲੜੂ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਅਤੇ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਲਾਲੜੂ ਸਥਿਤ ਸਿਵਲ ਵੈਟਰਨਰੀ ਹਸਪਤਾਲ ਦੀ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ | ਇਹ ਪ੍ਰਾਜੈਕਟ ਲਗਭਗ 49.64 ਲੱਖ ਰੁ. ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ | ਇਸ ਮੌਕੇ ਵਿਧਾਇਕ ਰੰਧਾਵਾ ਨੇ ਦੱਸਿਆ ਕਿ ਮੌਜੂਦਾ ਵੈਟਰਨਰੀ ਹਸਪਤਾਲ ਦੀ ਇਮਾਰਤ 1961 'ਚ ਬਣੀ ਸੀ ਅਤੇ ਇਹ ਹਸਪਤਾਲ ਕਈ ਦਹਾਕਿਆਂ ਤੋਂ ਇਲਾਕੇ ਦੀ ਸੇਵਾ ਕਰ ਰਿਹਾ ਸੀ ਅਤੇ ਹੁਣ ਪਿਛਲੇ ਕੁਝ ਸਮੇਂ ਤੋਂ ਇਸ ਇਮਾਰਤ ਨੂੰ ਅਸੁਰੱਖਿਅਤ ਐਲਾਨ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਵਧਦੀ ਆਬਾਦੀ ਅਤੇ ਪਸ਼ੂ ਪਾਲਕਾਂ ਦੀਆਂ ਵਧ ਰਹੀਆਂ ਲੋੜਾਂ ਨੂੰ ਦੇਖਦਿਆਂ ਨਵੀਂ ਅਤੇ ਆਧੁਨਿਕ ਇਮਾਰਤ ਦਾ ਨਿਰਮਾਣ ਕਰਨਾ ਜ਼ਰੂਰੀ ਹੋ ਗਿਆ ਸੀ | ਉਨ੍ਹਾਂ ਕਿਹਾ ਕਿ ਨਵੀਂ ਇਮਾਰਤ ਬਣਨ ਨਾਲ ਇਲਾਕੇ 'ਚ ਪਸ਼ੂ ਚਿਕਿਤਸਾ ਸੇਵਾਵਾਂ 'ਚ ਕਾਫੀ ਸੁਧਾਰ ਆਵੇਗਾ ਅਤੇ ਇਥੇ ਪਸ਼ੂਆਂ ਦੇ ਇਲਾਜ ਲਈ ਵਧੀਆ ਸੁਵਿਧਾਵਾਂ ਮਿਲਣਗੀਆਂ, ਕਿਉਂਕਿ ਪਸ਼ੂ ਪਾਲਣ ਪਿੰਡਾਂ ਦੇ ਪਰਿਵਾਰਾਂ ਦੀ ਰੋਜੀ-ਰੋਟੀ ਦਾ ਇਕ ਮਹੱਤਵਪੂਰਨ ਸਰੋਤ ਹੈ | ਇਸ ਮੌਕੇ ਸਥਾਨਕ ਵਸਨੀਕਾਂ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਵੈਟਰਨਰੀ ਅਫਸਰ, ਨਗਰ ਕੌਂਸਲ ਪ੍ਰਧਾਨ ਸਮੇਤ ਹੋਰ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੀ ਮੌਜੂਦ ਸੀ |