ਜ਼ੀਰਕਪੁਰ, 6 ਮਾਰਚ (ਮਨਿੰਦਰ ਸਿੰਘ)-ਬਲਟਾਣਾ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਇਕ ਔਰਤ ਤੋਂ ਤੰਗ-ਪ੍ਰੇਸ਼ਾਨ ਹੋ ਕੇ ਕਥਿਤ ਤੌਰ 'ਤੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਅਸ਼ੋਕ ਕੁਮਾਰ (53) ਵਾਸੀ ਪਲੈਟੀਨਮ ਹੋਮ ਪੁਰਾਣੀ ਅੰਬਾਲਾ ਰੋਡ ਸਨੌਲੀ (ਜ਼ੀਰਕਪੁਰ) ਵਜੋਂ ਹੋਈ ਹੈ | ਪੁਲਿਸ ਨੂੰ ਮਿ੍ਤਕ ਦੇ ਕੋਲੋਂ ਤਿੰਨ ਪੰਨਿ੍ਹਆਂ ਦਾ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਇਕ ਔਰਤ 'ਤੇ ਉਸ ਦੇ ਪੈਸੇ ਗਬਨ ਕਰਨ ਤੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਨੇ ਔਰਤ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਿ੍ਤਕ ਦੇ ਪੁੱਤਰ ਸਾਗਰ ਸ਼ਰਮਾ ਨੇ ਦੱਸਿਆ ਕਿ ਉਸ ਦਾ ਪਿਤਾ ਚੰਡੀਗੜ੍ਹ-ਅੰਬਾਲਾ ਰੋਡ 'ਤੇ ਇਕ ਕੱਪੜੇ ਦੇ ਸ਼ੋਅਰੂਮ ਵਿਚ ਕੰਮ ਕਰਦਾ ਸੀ, ਜੋ ਕਿ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਕਾਫ਼ੀ ਪ੍ਰੇਸ਼ਾਨ ਚੱਲ ਰਿਹਾ ਸੀ | ਸਾਗਰ ਅਨੁਸਾਰ 1 ਮਾਰਚ ਦੀ ਸ਼ਾਮ ਨੂੰ ਉਸ ਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਪੰਚਕੂਲਾ ਦੇ ਸੈਕਟਰ-9 ਵਿਖੇ ਇਕ ਫਰਮ ਵਿਚ ਕੰਮ ਕਰਦੇ ਸਮੇਂ ਉਹ ਬਲਟਾਣਾ ਦੀ ਰਹਿਣ ਵਾਲੀ ਇਕ ਔਰਤ ਨੂੰ ਮਿਲਿਆ ਸੀ | ਔਰਤ ਨੇ ਉਸ ਨਾਲ ਪਿਆਰ ਪਾ ਕੇ ਕਥਿਤ ਤੌਰ 'ਤੇ ਉਸ ਨਾਲ ਫਰਜ਼ੀ ਵਿਆਹ ਕਰਵਾਇਆ ਤੇ ਉਸ ਤੋਂ ਕਰੀਬ 4-5 ਲੱਖ ਰੁ. ਲੈ ਲਏ | ਦੋਸ਼ ਹੈ ਕਿ ਔਰਤ ਹੁਣ ਕਿਸੇ ਹੋਰ ਵਿਅਕਤੀ ਨਾਲ ਸੰਬੰਧ ਵਿਚ ਹੈ ਤੇ ਉਸ ਤੋਂ ਹੋਰ ਪੈਸੇ ਦੀ ਮੰਗ ਕਰ ਰਹੀ ਸੀ | ਸਾਗਰ ਅਨੁਸਾਰ ਜਦੋਂ ਉਹ 2 ਮਾਰਚ ਨੂੰ ਸ਼ਾਮ ਦੇ 7.30 ਵਜੇ ਘਰ ਪਹੁੰਚੇ ਤਾਂ ਉਸ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਔਰਤ ਤੋਂ ਤੰਗ ਆ ਕੇ ਜ਼ਹਿਰ ਖਾ ਲਿਆ ਹੈ | ਪਰਿਵਾਰ ਤੁਰੰਤ ਉਸ ਨੂੰ ਪੰਚਕੂਲਾ ਦੇ ਸੈਕਟਰ-6 ਦੇ ਸਰਕਾਰੀ ਹਸਪਤਾਲ ਵਿਖੇ ਲੈ ਗਿਆ, ਜਿਥੇ ਕਿ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮਿ੍ਤਕ ਐਲਾਨ ਦਿੱਤਾ | ਘਟਨਾ ਤੋਂ ਬਾਅਦ ਮਿ੍ਤਕ ਦੇ ਘਰੋਂ ਤਿੰਨ ਪੰਨਿ੍ਹਆਂ ਦਾ ਇਕ ਸੁਸਾਈਡ ਨੋਟ ਬਰਾਮਦ ਹੋਇਆ, ਜਿਸ 'ਚ ਔਰਤ 'ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ | ਪੁਲਿਸ ਨੇ ਸਾਗਰ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ ਬਲਟਾਣਾ ਦੀ ਰਹਿਣ ਵਾਲੀ ਔਰਤ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 108 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |