ਜ਼ੀਰਕਪੁਰ, 10 ਮਾਰਚ (ਮਨਿੰਦਰ ਸਿੰਘ)-ਬੀਤੀ ਦੇਰ ਰਾਤ ਵੀ. ਆਈ. ਪੀ. ਰੋਡ 'ਤੇ ਇਕ ਤੇਜ਼ ਰਫ਼ਤਾਰ ਔਡੀ ਕਾਰ ਨੇ ਪੈਦਲ ਜਾ ਰਹੀ ਇਕ ਵਿਦੇਸ਼ੀ ਮਹਿਲਾ ਨੂੰ ਟੱਕਰ ਮਾਰ ਦਿੱਤੀ | ਇਹ ਟੱਕਰ ਇੰਨੀ ਭਿਆਨਕ ਸੀ ਕਿ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਇਹ ਹਾਦਸਾ ਵੀ. ਆਈ. ਪੀ. ਰੋਡ 'ਤੇ ਸਥਿਤ ਐਮ. ਕੇਅਰ ਹਸਪਤਾਲ ਦੇ ਸਾਹਮਣੇ ਦੇਰ ਰਾਤ ਵਾਪਰਿਆ | ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਵਿਦੇਸ਼ੀ ਮਹਿਲਾ ਐਮ. ਕੇਅਰ ਹਸਪਤਾਲ 'ਚ ਇਕ ਮਰੀਜ਼ ਨੂੰ ਮਿਲਣ ਤੋਂ ਬਾਅਦ ਆਪਣੇ ਦੋਸਤ ਨਾਲ ਪੈਦਲ ਜਾ ਰਹੀ ਸੀ | ਇਸ ਦੌਰਾਨ ਇਕ ਤੇਜ਼ ਰਫ਼ਤਾਰ ਔਡੀ ਕਾਰ ਨੇ ਮਹਿਲਾ ਨੂੰ ਸੜਕ ਪਾਰ ਕਰਦੇ ਸਮੇਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮਹਿਲਾ ਕਾਫ਼ੀ ਉੱਚੀ ਉੱਛਲ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗੀ ਅਤੇ ਗੰਭੀਰ ਸੱਟਾਂ ਤੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਸਮੇਂ ਮਹਿਲਾ ਦੇ ਨਾਲ ਮੌਜੂਦ ਅਭਿਸ਼ੇਕ ਉਰਫ਼ ਅਭੀ ਨੇ ਦੱਸਿਆ ਕਿ ਮਿ੍ਤਕਾ ਉਨ੍ਹਾਂ ਦੀ ਦੋਸਤ ਸੀ ਅਤੇ ਉਹ ਉਸ ਦੀ ਗਰਭਵਤੀ ਪਤਨੀ ਦਾ ਹਾਲ-ਚਾਲ ਪੁੱਛਣ ਲਈ ਐਮ. ਕੇਅਰ ਹਸਪਤਾਲ ਆਈ ਸੀ | ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ | ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ | ਹਾਲਾਂਕਿ, ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸੂਚਨਾ ਮਿਲਣ ਦੇ ਬਾਵਜੂਦ ਪੁਲਿਸ ਲਗਭਗ ਇਕ ਘੰਟੇ ਤੱਕ ਘਟਨਾ ਸਥਾਨ 'ਤੇ ਨਹੀਂ ਪਹੁੰਚੀ | ਇਕ ਘੰਟੇ ਤੋਂ ਵੀ ਬਾਅਦ 'ਚ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ | ਇਸ ਮਾਮਲੇ ਦੇ ਜਾਂਚ ਅਧਿਕਾਰੀ ਰਾਜ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਡਰਾਈਵਰ ਦੀ ਪਛਾਣ ਕਰਨ ਲਈ ਪੁਲਿਸ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ | ਮਿ੍ਤਕ ਦੀ ਪਛਾਣ ਵਿਦੇਸ਼ੀ ਨਾਗਰਿਕ ਮੌਲੁਦਾ ਵਜੋਂ ਹੋਈ ਹੈ | ਉਸ ਦੀ ਭੈਣ ਦੇ ਤੁਰਕੀ ਤੋਂ ਵਾਪਸ ਭਾਰਤ ਆਉਣ ਤੋਂ ਬਾਅਦ ਪੋਸਟਮਾਰਟਮ ਸਮੇਤ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |