ਐੱਸ. ਏ. ਐੱਸ. ਨਗਰ, 10 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਦੀ ਕੇਂਦਰੀ ਕਮੇਟੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਹਕੀਕਤਾਂ ਤੋਂ ਕੋਹਾਂ ਦੂਰ ਹੈ ਅਤੇ ਇਹ ਸਿਰਫ਼ ਝੂਠੇ ਵਾਅਦਿਆਂ ਤੇ ਲੋਕਾਂ ਨੂੰ ਲੁਭਾਉਣ ਵਾਲਾ ਦਸਤਾਵੇਜ਼ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ-ਵੱਡੇ ਅੰਕੜੇ ਪੇਸ਼ ਕਰਕੇ ਹਕੀਕਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਜ਼ਮੀਨੀ ਹਾਲਾਤ ਇਸ ਤੋਂ ਬਿਲਕੁੱਲ ਵੱਖਰੇ ਹਨ | ਪੰਜਾਬ ਦੇ ਲੋਕ ਹੁਣ ਸਰਕਾਰ ਦੀਆਂ ਨੀਤੀਆਂ ਅਤੇ ਐਲਾਨਾਂ ਨੂੰ ਸਮਝਦੇ ਹਨ ਅਤੇ ਉਹ ਜਾਣਦੇ ਹਨ ਕਿ ਇਸ ਬਜਟ ਵਿਚ ਨਾ ਤਾਂ ਕਰਜ਼ਾ ਘਟਾਉਣ ਦੀ ਸਪੱਸ਼ਟ ਯੋਜਨਾ ਹੈ ਅਤੇ ਨਾ ਹੀ ਰੁਜ਼ਗਾਰ, ਉਦਯੋਗ ਅਤੇ ਵਿਕਾਸ ਲਈ ਕੋਈ ਮਜ਼ਬੂਤ ਰੋਡਮੈਪ ਪੇਸ਼ ਕੀਤਾ ਗਿਆ ਹੈ | ਬੀਬੀ ਰਾਮੂਵਾਲੀਆ ਨੇ ਖ਼ਾਸ ਤੌਰ 'ਤੇ 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਮਹਿਲਾਵਾਂ ਦੇ ਖਾਤਿਆਂ 'ਚ ਮਾਸਿਕ 1000 ਰੁ. ਦੇਣ ਦਾ ਐਲਾਨ ਕਰਕੇ ਉਨ੍ਹਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਐਲਾਨ ਸਿਰਫ਼ ਇਕ ਰਾਜਨੀਤਿਕ ਸਟੰਟ ਹੈ |