ਚੰਡੀਗੜ੍ਹ, 10 ਮਾਰਚ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ ਨਗਰ ਨਿਗਮ ਦੀ ਤਹਿਬਾਜ਼ਾਰੀ ਵਿੰਗ ਦੀ ਟੀਮ ਨੇ ਅੱਜ ਸੈਕਟਰ 43 ਦੇ ਸਕੂਟਰ/ਮੋਟਰਸਾਈਕਲ ਮਾਰਕੀਟ ਅਤੇ ਸੈਕਟਰ 26 ਮੰਡੀ 'ਚ ਗ਼ੈਰਕਾਨੰੂਨੀ ਕਬਜ਼ਿਆਂ ਅਤੇ ਨਿਗਮ ਦੀ ਜ਼ਮੀਨ 'ਤੇ ਬਿਨਾਂ ਇਜਾਜ਼ਤ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ | ਇਸ ਦੌਰਾਨ ਕਈ ਵਾਹਨ ਅਤੇ ਰੇਹੜੀਆਂ ਜ਼ਬਤ ਕੀਤੀਆਂ ਗਈਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ | ਸੈਕਟਰ 43 ਦੇ ਸਕੂਟਰ ਅਤੇ ਮੋਟਰਸਾਈਕਲ ਮੁਰੰਮਤ ਮਾਰਕੀਟ ਵਿਚ ਨਿਗਮ ਟੀਮ ਨੂੰ ਕਈ ਮੋਟਰਸਾਈਕਲ ਅਤੇ ਇਕ ਕਾਈਨੇਟਿਕ ਹੋਂਡਾ ਨਿਗਮ ਦੀ ਜ਼ਮੀਨ 'ਤੇ ਗ਼ੈਰਕਾਨੰੂਨੀ ਤਰੀਕੇ ਨਾਲ ਖੜੇ ਮਿਲੇ | ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ 10 ਮੋਟਰਸਾਈਕਲਾਂ ਨੂੰ ਜ਼ਬਤ ਕਰ ਲਿਆ | ਇਸੇ ਤਰਾਂ ਸੈਕਟਰ 26 ਆਊਟਰ ਮੰਡੀ ਵਿਚ ਕੀਤੀ ਗਈ ਕਾਰਵਾਈ ਦੌਰਾਨ ਟੀਮ ਨੇ ਨਿਗਮ ਦੀ ਜ਼ਮੀਨ 'ਤੇ ਬਿਨਾਂ ਇਜਾਜ਼ਤ ਤਰਬੂਜ਼ ਵੇਚ ਰਹੇ ਟਰੱਕਾਂ ਅਤੇ ਰੇਹੜੀਆਂ ਨੂੰ ਪਾਇਆ | ਨਿਯਮਾਂ ਦੀ ਉਲੰਘਣਾ ਕਰਦੇ ਹੋਏ ਮਿਲੇ 3 ਤਰਬੂਜ਼ਾਂ ਨਾਲ ਭਰੇ ਟਰੱਕ ਅਤੇ 9 ਰੇਹੜੀਆਂ ਜ਼ਬਤ ਕੀਤੀਆਂ ਗਈਆਂ | ਤਹਿਬਾਜ਼ਾਰੀ ਟੀਮ ਵਲੋਂ ਮੁਹਿੰਮ ਦੌਰਾਨ ਕੁੱਲ 25 ਚਲਾਨ ਵੀ ਜਾਰੀ ਕੀਤੇ ਗਏ |