ਐੱਸ. ਏ. ਐੱਸ. ਨਗਰ, 10 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਮੁਹਾਲੀ ਦੇ 6 ਪਿੰਡਾਂ ਦੁਰਾਲੀ, ਸਨੇਟਾ, ਨਾਨੋਮਾਜਰਾ, ਸੰਭਾਲਕੀ, ਮਾਣਕਮਾਜਰਾ ਅਤੇ ਸੋਹਾਣਾ ਦੀ 502 ਏਕੜ ਜ਼ਮੀਨ ਅਕਵਾਇਰ ਕਰਨ ਲਈ ਅੱਜ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ | ਇਨ੍ਹਾਂ 6 ਪਿੰਡਾਂ ਦੀ ਜ਼ਮੀਨ ਵਪਾਰਕ ਸੈਕਟਰ 87 ਦੇ ਵਿਸਥਾਰ ਅਤੇ ਸੈਕਟਰ 101 ਤੇ 103 'ਚ ਸਥਾਪਿਤ ਕੀਤੇ ਜਾਣ ਵਾਲੇ ਉਦਯੋਗਿਕ ਪਾਰਕਾਂ ਲਈ ਅਕਵਾਇਰ ਕੀਤੀ ਜਾ ਰਹੀ ਹੈ | ਕਿਸਾਨਾਂ ਕੋਲੋਂ ਇਹ ਜ਼ਮੀਨ ਪੁਰਾਣੇ ਲੈਂਡ ਪੂਲਿੰਗ ਐਕਟ ਅਧੀਨ ਲਈ ਜਾ ਰਹੀ ਹੈ, ਜਿਸ 'ਚ ਕਿਸਾਨਾਂ ਨੂੰ ਜ਼ਮੀਨ ਦੀ ਅਦਾਇਗੀ ਅਤੇ ਲੈਂਡ ਪੂਲਿੰਗ ਨੀਤੀ ਤਹਿਤ ਪਲਾਟ ਹਾਸਿਲ ਕਰਨ ਦੀ ਖੁੱਲ੍ਹ ਹੋਵੇਗੀ | ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕਰਨ ਲਈ ਗਮਾਡਾ ਵਲੋਂ ਪਹਿਲਾਂ ਹੀ ਸਮਾਜਿਕ ਪ੍ਰਭਾਵ ਮੁਲਾਂਕਣ ਕਰਵਾਇਆ ਜਾ ਚੁੱਕਾ ਹੈ | ਮਾਹਿਰ ਗਰੁੱਪ ਵਲੋਂ ਵੀ ਜ਼ਮੀਨਾਂ ਅਕਵਾਇਰ ਕਰਨ ਲਈ ਕਿਸੇ 'ਤੇ ਵੀ ਕੋਈ ਪ੍ਰਭਾਵ ਨਾ ਪੈਣ ਦਾ ਹਵਾਲਾ ਦਿੰਦਿਆਂ ਆਪਣੀ ਮੋਹਰ ਲਗਾਈ ਜਾ ਚੁੱਕੀ ਹੈ | ਜ਼ਿਕਰਯੋਗ ਹੈ ਕਿ ਪਿੰਡ ਦੁਰਾਲੀ ਦੇ ਵਸਨੀਕਾਂ ਵਲੋਂ ਜ਼ਮੀਨ ਗ੍ਰਹਿਣ ਕਰਨ ਸਮੇਂ ਪ੍ਰਮੁੱਖ ਸਥਾਨਾਂ 'ਤੇ ਕਿਸਾਨਾਂ ਨੂੰ ਲੈਂਡ ਪੂਲਿੰਗ ਵਿਚ ਭਾਈਵਾਲ ਨਾ ਬਣਾਏ ਜਾਣ ਦਾ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ ਅਤੇ ਇਸੇ ਵਿਚਕਾਰ ਗਮਾਡਾ ਵਲੋਂ ਜ਼ਮੀਨਾਂ ਹਾਸਿਲ ਕਰਨ ਦੀ ਆਖ਼ਰੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ | ਕਿਸਾਨਾਂ ਕੋਲੋਂ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ 60 ਦਿਨਾਂ ਦੇ ਅੰਦਰ ਇਤਰਾਜ਼ ਮੰਗੇ ਗਏ ਹਨ, ਜਿਸ ਮਗਰੋਂ ਜ਼ਮੀਨਾਂ ਹਾਸਿਲ ਕਰਨ ਦਾ ਕੰਮ ਮੁਕੰਮਲ ਕੀਤਾ ਜਾਵੇਗਾ | ਨੋਟੀਫ਼ਿਕੇਸ਼ਨ ਜਾਰੀ ਕਰਕੇ ਗਮਾਡਾ ਨੇ ਇਸ ਖੇਤਰ ਦੇ ਜ਼ਮੀਨੀ ਨੰਬਰ ਨਸ਼ਰ ਕਰਦਿਆਂ ਉਕਤ ਜ਼ਮੀਨ ਦੀ ਖਰੀਦ-ਵੇਚ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਤੇ ਹੁਣ ਕਿਸਾਨ ਉਕਤ ਆਪਣੀ ਜ਼ਮੀਨ ਵੇਚਣ ਜਾਂ ਖ਼ਰੀਦਣ ਦੀ ਰਜਿਸਟਰੀ ਨਹੀਂ ਕਰਵਾ ਸਕਣਗੇ | ਜਾਰੀ ਕੀਤੇ ਨੋਟੀਫ਼ਿਕੇਸ਼ਨ ਤਹਿਤ ਸੈਕਟਰ 87 ਦੇ ਵਪਾਰਕ ਖੇਤਰ ਦੇ ਵਿਸਥਾਰ ਲਈ ਮਾਣਕਮਾਜਰਾ ਦੀ 19.6 ਏਕੜ, ਨਾਨੂੰਮਾਜਰਾ ਦੀ 116.9 ਏਕੜ, ਸੋਹਾਣਾ ਦੀ 65 ਏਕੜ ਅਤੇ ਸੰਭਾਲਕੀ ਦੀ ਇਕ ਕਨਾਲ ਜ਼ਮੀਨ ਅਕਵਾਇਰ ਕੀਤੀ ਜਾਵੇਗੀ | ਇਸੇ ਤਰ੍ਹਾਂ ਉਦਯੋਗਿਕ ਖੇਤਰ ਸੈਕਟਰ 101 ਦੇ ਵਿਸਥਾਰ ਲਈ ਪਿੰਡ ਦੁਰਾਲੀ ਦੀ 129 ਏਕੜ ਜ਼ਮੀਨ ਹਾਸਿਲ ਕੀਤੀ ਜਾਵੇਗੀ | ਸੈਕਟਰ 103 ਵਿਖੇ ਉਦਯੋਗਿਕ ਪਾਰਕ ਦੀ ਸਥਾਪਨਾ ਲਈ ਪਿੰਡ ਦੁਰਾਲੀ ਦੀ 141.8 ਏਕੜ ਅਤੇ ਪਿੰਡ ਸਨੇਟਾ ਦੀ 29.8 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ |