ਐੱਸ. ਏ. ਐੱਸ. ਨਗਰ, 10 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਐਸ. ਕੇ. ਐਮ. ਅਤੇ ਸਾਂਝੀ ਤਾਲਮੇਲ ਕਮੇਟੀ ਸਰਕਲ ਮੁਹਾਲੀ ਵਲੋਂ ਸਪੈਸ਼ਲ ਮੰਡਲ ਮੁਹਾਲੀ ਵਿਖੇ ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਰੋਸ ਰੈਲੀ ਕੀਤੀ ਗਈ | ਇਸ ਰੈਲੀ ਨੂੰ ਸੰਬੋਧਨ ਕਰਦਿਆਂ ਨਛੱਤਰ ਸਿੰਘ ਬੈਦਵਾਣ, ਸੰਦੀਪ ਕੁਮਾਰ, ਆਰ. ਐਸ. ਭੁੱਲਰ, ਹਰਵਿੰਦਰ ਸਿੰਘ ਗਿੱਲ, ਲੱਖਾ ਸਿੰਘ, ਗੁਰਬਖ਼ਸ਼ ਸਿੰਘ, ਬਲਵਿੰਦਰ ਸਿੰਘ, ਜ਼ੋਰਾਵਰ ਸਿੰਘ ਆਦਿ ਯੂਨੀਅਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਇਸ ਤੋਂ ਇਲਾਵਾ ਬੀਜ ਬਿੱਲ, ਜੈ ਰਾਮ ਜੀ ਬਿੱਲ ਅਤੇ ਹੋਰ ਕਈ ਲੋਕ ਵਿਰੋਧੀ ਬਿੱਲ ਬਹੁਤ ਹੀ ਜਲਦੀ ਸੰਸਦ ਵਿਚ ਪੇਸ਼ ਕਰਕੇ ਪਾਸ ਕਰਨ ਦੀ ਚਾਹਵਾਨ ਹੈ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਵਿਚ ਪੇਸ਼ ਕਰਕੇ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਬਿਜਲੀ ਸੋਧ ਬਿੱਲ 2026 'ਚ ਮਾਨਤਾ ਮਿਲ ਜਾਵੇਗੀ, ਜਿਸ ਦੇ ਲਾਗੂ ਹੋਣ ਨਾਲ ਪ੍ਰਾਈਵੇਟ ਘਰਾਣਿਆਂ ਨੂੰ ਬਿਜਲੀ ਖੇਤਰ 'ਚ ਦਾਖ਼ਲਾ ਮਿਲਣ ਨਾਲ ਖਪਤਕਾਰਾਂ ਅਤੇ ਬਿਜਲੀ ਮੁਲਾਜ਼ਮਾਂ ਦੀ ਤਿੱਖੀ ਲੁੱਟ ਕਰਨ ਦੀ ਖੁੱਲ੍ਹ ਮਿਲ ਜਾਵੇਗੀ | ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਜਿੱਥੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ 'ਚ ਥੋਕ ਵਾਧੇ ਦਾ ਆਧਾਰ ਸਿਰਜ ਕੇ ਹੋਰ ਵੱਧ ਸਹਾਈ ਹੋਵੇਗਾ, ਉਥੇ ਹੀ ਇਹ ਬਿਜਲੀ ਖੇਤਰ ਦੇ ਖਪਤਕਾਰਾਂ, ਮੁਲਾਜ਼ਮਾਂ ਦੀ ਹੋਰ ਵੀ ਵੱਧ ਤਬਾਹੀ ਦਾ ਆਧਾਰ ਬਣੇਗਾ | ਯੂਨੀਅਨ ਆਗੂਆਂ ਹਰਦੀਪ ਸਿੰਘ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ, ਸੋਹਣ ਸਿੰਘ, ਸਤਵੰਤ ਸਿੰਘ, ਬਿ੍ਜ ਮੋਹਨ ਸ਼ਰਮਾ, ਬਲਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਰਣਜੀਤ ਸਿੰਘ ਅਤੇ ਮੋਹਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 2026-2027 ਲਈ ਪੇਸ਼ ਕੀਤੇ ਬਜਟ 'ਚ ਮੁਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਅਤੇ ਸਾਲ 2025 ਵਿਚ ਵੀ ਮੁਲਾਜ਼ਮਾਂ ਨੂੰ ਕੋਈ ਵੀ ਡੀ. ਏ. ਦੀ ਬਕਾਇਆ ਕਿਸ਼ਤ ਜਾਰੀ ਨਹੀਂ ਕੀਤੀ ਤੇ ਨਾ ਹੀ ਬਜਟ 'ਚ ਇਸ ਸੰਬੰਧੀ ਕੋਈ ਗੱਲ ਕੀਤੀ ਗਈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਕਰਜ਼ਾ ਲਗਭਗ 4 ਲੱਖ ਕਰੋੜ ਤੋਂ ਵੀ ਟੱਪ ਚੁੱਕਾ ਹੈ, ਜੋ ਕਿ ਭਾਰਤ 'ਚ ਦੂਜੇ ਨੰਬਰ 'ਤੇ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਨੇ ਮੁਲਾਜ਼ਮ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਤਾਂ ਇਸ ਦਾ ਹੋਰ ਵੀ ਤਿੱਖਾ ਵਿਰੋਧ ਕੀਤਾ ਜਾਵੇਗਾ |