ਜ਼ੀਰਕਪੁਰ, 10 ਮਾਰਚ (ਮਨਿੰਦਰ ਸਿੰਘ)-ਸ਼ਹਿਰ 'ਚ ਪਲਾਟ ਵੇਚਣ ਦੇ ਨਾਂਅ 'ਤੇ ਲੱਖਾਂ ਰੁ. ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਜਾਂਚ ਤੋਂ ਬਾਅਦ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਦੋਸ਼ ਹੈ ਕਿ ਮੁਲਜ਼ਮਾਂ ਨੇ ਰਜਿਸਟਰੀ ਕਰਵਾਉਣ ਦਾ ਵਾਅਦਾ ਕਰਕੇ ਇਕ ਵਿਅਕਤੀ ਨਾਲ ਲਗਭਗ 90 ਲੱਖ ਰੁ. ਦੀ ਠੱਗੀ ਮਾਰੀ ਤੇ ਬਾਅਦ 'ਚ ਆਪਣੇ ਵਾਅਦੇ ਤੋਂ ਮੁੱਕਰ ਗਏ | ਮੁਲਜ਼ਮਾਂ ਦੀ ਪਛਾਣ ਸੰਜਨਾ ਸ਼ਰਮਾ ਵਾਸੀ ਹਿਮਾਚਲ ਪ੍ਰਦੇਸ਼ ਅਤੇ ਰਮਨ ਕੁਮਾਰ ਵਾਸੀ ਸੈਕਟਰ 21 ਪੰਚਕੂਲਾ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਾਕੇਸ਼ ਨੰਦਾ ਵਾਸੀ ਹੇਜ਼ਲਵੁੱਡ ਸੁਸਾਇਟੀ ਜ਼ੀਰਕਪੁਰ ਨੇ ਦੱਸਿਆ ਕਿ ਉਹ ਫਲੈਟ ਬਣਾਉਣ ਲਈ ਜ਼ਮੀਨ ਦੀ ਭਾਲ ਕਰ ਰਿਹਾ ਸੀ | ਇਸ ਦੌਰਾਨ ਉਸ ਦੀ ਮੁਲਾਕਾਤ ਪ੍ਰਾਪਰਟੀ ਡੀਲਰ ਵਿਨੇ ਗਰਗ ਨਾਲ ਹੋਈ | ਵਿਨੇ ਗਰਗ ਨੇ ਉਸ ਨੂੰ ਅਨਿਲ ਕੁਮਾਰ ਨਾਲ ਮਿਲਾਇਆ, ਜਿਸ ਨੇ ਉਸ ਨੂੰ ਜ਼ੀਰਕਪੁਰ ਦੇ ਪਿੰਡ ਨਾਭਾ ਸਾਹਿਬ ਵਿਖੇ ਪਲਾਟ ਨੰ. 46 ਤੇ 47 ਦਿਖਾਇਆ, ਜਿਨ੍ਹਾਂ 'ਚੋਂ ਦਸਤਾਵੇਜ਼ਾਂ ਅਨੁਸਾਰ ਪਲਾਟ ਨੰ. 46 ਸੰਜਨਾ ਸ਼ਰਮਾ ਤੇ ਪਲਾਟ ਨੰ. 47 ਰਮਨ ਕੁਮਾਰ ਦੇ ਨਾਂਅ 'ਤੇ ਰਜਿਸਟਰਡ ਸੀ | ਸ਼ਿਕਾਇਤਕਰਤਾ ਅਨੁਸਾਰ ਦੋਵੇਂ ਪਲਾਟ ਲਗਭਗ 258 ਗਜ਼ ਦੇ ਸਨ, ਜਿਨ੍ਹਾਂ ਦਾ 90 ਲੱਖ ਰੁ. 'ਚ ਸੌਦਾ ਤੈਅ ਹੋਇਆ ਸੀ ਅਤੇ ਇਸ 'ਚ ਉਸਾਰੀ ਦੀ ਲਾਗਤ ਨੂੰ ਪੂਰਾ ਕਰਨ ਲਈ 12 ਲੱਖ ਰੁ. ਦਾ ਸਮਝੌਤਾ ਵੀ ਹੋਇਆ ਸੀ | ਰਾਕੇਸ਼ ਨੰਦਾ ਨੇ ਦੱਸਿਆ ਕਿ ਉਸ ਨੇ ਵੱਖ-ਵੱਖ ਤਰੀਕਾਂ 'ਤੇ ਸੰਜਨਾ ਸ਼ਰਮਾ ਦੇ ਖਾਤੇ 'ਚ 15 ਲੱਖ, ਰਮਨ ਕੁਮਾਰ ਦੇ ਖਾਤੇ 'ਚ 10 ਲੱਖ ਅਤੇ ਅਨਿਲ ਕੁਮਾਰ ਦੇ ਖਾਤੇ 'ਚ 30 ਲੱਖ ਰੁ. ਟ੍ਰਾਂਸਫਰ ਕੀਤੇ | ਇਸ ਤੋਂ ਇਲਾਵਾ ਉਸ ਨੇ 30 ਲੱਖ ਰੁ. ਨਕਦ ਵੀ ਅਦਾ ਕੀਤੇ | ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਵਾਰ-ਵਾਰ ਰਜਿਸਟਰੀ ਕਰਵਾਉਣ ਦਾ ਭਰੋਸਾ ਦਿੱਤਾ, ਪਰ ਰਜਿਸਟਰੀ ਨਹੀਂ ਕਰਵਾਈ ਗਈ | ਸ਼ਿਕਾਇਤਕਰਤਾ ਨੇ ਮਾਰਚ 2024 'ਚ ਜ਼ਮੀਨ 'ਤੇ ਫਲੈਟਾਂ ਦੀ ਉਸਾਰੀ ਸ਼ੁਰੂ ਕੀਤੀ ਅਤੇ ਬਾਅਦ 'ਚ ਜਦੋਂ ਉਸ ਨੇ ਫਲੈਟ ਵੇਚਣ ਲਈ ਇਕ ਵਕੀਲ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਜ਼ਮੀਨ ਦੇ ਦਸਤਾਵੇਜ਼ ਪਲਾਟ 46 ਤੇ 47 ਦੇ ਦਸਤਾਵੇਜ਼ਾਂ ਨਾਲ ਮੇਲ ਨਹੀਂ ਖਾਂਦੇ | ਫਿਰ ਉਸ ਨੇ ਮੁਲਜ਼ਮਾਂ ਨੂੰ ਜਾਇਦਾਦ ਰਜਿਸਟਰੀ ਕਰਵਾਉਣ ਜਾਂ ਪੈਸੇ ਵਾਪਸ ਕਰਨ ਲਈ ਕਿਹਾ, ਪਰ ਉਹ ਟਾਲ-ਮਟੋਲ ਕਰਨ ਲੱਗ ਪਏ | ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਸਤੰਬਰ 2024 'ਚ ਪਲਾਟ ਦੀ ਰਜਿਸਟਰੀ ਕਰਵਾਉਣ ਦੇ ਬਹਾਨੇ ਉਸ ਤੋਂ 5 ਲੱਖ ਰੁ. ਹੋਰ ਲਏ | ਇਸ ਤਰ੍ਹਾਂ ਉਸ ਨੇ ਪਲਾਟ ਲਈ ਲਗਭਗ 90 ਲੱਖ ਰੁਪਏ ਅਦਾ ਕੀਤੇ ਹਨ ਅਤੇ ਉਸਾਰੀ 'ਤੇ ਲਗਭਗ 1.5 ਕਰੋੜ ਰੁ. ਖਰਚ ਕੀਤੇ ਹਨ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਇਕ ਲਿਖਤੀ ਸਮਝੌਤਾ ਹੋਇਆ ਸੀ | ਇਸ ਸਮਝੌਤੇ ਤਹਿਤ ਸੰਜਨਾ ਸ਼ਰਮਾ ਨੂੰ 7 ਅਪ੍ਰੈਲ, 2025 ਤੱਕ ਪਲਾਟ ਨੰ. 46 ਦੀ ਰਜਿਸਟਰੀ ਕਰਵਾਉਣੀ ਸੀ, ਜਦਕਿ ਰਮਨ ਕੁਮਾਰ ਨੂੰ 30 ਜੂਨ 2025 ਤੱਕ 72 ਲੱਖ ਰੁ. ਵਾਪਸ ਕਰਨੇ ਸਨ | ਹਾਲਾਂਕਿ ਸਮਝੌਤੇ ਦੇ ਬਾਵਜੂਦ ਰਮਨ ਕੁਮਾਰ ਨੇ ਸਿਰਫ 20 ਲੱਖ ਰੁ. ਵਾਪਸ ਕੀਤੇ ਹਨ ਤੇ ਬਾਕੀ ਰਕਮ ਦਾ ਭੁਗਤਾਨ ਨਹੀਂ ਕੀਤਾ ਹੈ | ਜਾਂਚ 'ਚ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਜ਼ਮੀਨ ਵੇਚਣ ਦੇ ਬਹਾਨੇ ਸ਼ਿਕਾਇਤਕਰਤਾ ਤੋਂ ਪੈਸੇ ਲੈ ਕੇ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚੀ ਹੈ |