ਐੱਸ. ਏ. ਐੱਸ. ਨਗਰ, 10 ਮਾਰਚ (ਪ੍ਰੋ. ਅਵਤਾਰ ਸਿੰਘ)-ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵਲੋਂ ਕੌਮਾਂਤਰੀ ਨਾਰੀ ਦਿਹਾੜੇ ਨੂੰ ਸਮਰਪਿਤ 'ਹੌਸਲਿਆਂ ਦੇ ਰੂ-ਬ-ਰੂ' ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦਾ ਆਰੰਭ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ 'ਧਨੁ ਲੇਖਾਰੀ ਨਾਨਕਾ' ਨਾਲ ਕੀਤਾ ਗਿਆ | ਇਸ ਮੌਕੇ ਸਮਾਗਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਆਖਿਆ ਕਿ ਮਹਿਲਾ ਸਮਾਜ ਦਾ ਕੇਵਲ ਹਿੱਸਾ ਨਹੀਂ, ਸਗੋਂ ਸਮਾਜ ਦੀ ਬੁਨਿਆਦ ਹੈ | ਉੱਘੀ ਕਵਿੱਤਰੀ ਸੁਖਵਿੰਦਰ ਅੰਮਿ੍ਤ ਨੇ ਆਖਿਆ ਕਿ ਮਹਿਲਾ ਦੀ ਹਸਤੀ ਉਸ ਨਦੀ ਵਾਂਗ ਹੈ ਜੋ ਰਾਹ ਦੇ ਪੱਥਰ ਨੂੰ ਤਰਾਸ਼ ਕੇ ਨਵਾਂ ਰੂਪ ਦਿੰਦੀ ਹੈ | ਇਸ ਮੌਕੇ ਉਨ੍ਹਾਂ ਨੇ ਨਾਰੀ ਮੁੱਦਿਆਂ ਨੂੰ ਮੁਖ਼ਾਤਿਬ ਆਪਣੀਆਂ ਕਈ ਰਚਨਾਵਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ | ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ ਡੇਰਾਬੱਸੀ ਪ੍ਰੋ. ਗੁਰਦੇਵ ਪਾਲ ਨੇ ਆਖਿਆ ਕਿ ਮਾਂ ਦੀ ਪਰਵਰਿਸ਼ ਹੀ ਉਹ ਪਹਿਲਾ ਸਕੂਲ ਹੁੰਦਾ ਹੈ, ਜਿੱਥੇ ਬੱਚਿਆਂ ਦੇ ਵਿਚਾਰ ਅਤੇ ਮੁੱਲ ਘੜੇ ਜਾਂਦੇ ਹਨ | ਇਸ ਲਈ ਮਾਵਾਂ ਦਾ ਫ਼ਰਜ਼ ਹੈ ਕਿ ਉਹ ਧੀ ਅਤੇ ਪੁੱਤਰ ਦੋਵਾਂ ਨੂੰ ਬਰਾਬਰੀ ਦੇ ਮੌਕਿਆਂ ਨਾਲ ਪਾਲਣ ਤਾਂ ਜੋ ਸਮਾਜ 'ਚ ਸਮਾਨਤਾ ਅਤੇ ਸੰਵੇਦਨਾ ਦੀ ਮਜ਼ਬੂਤ ਨੀਂਹ ਬੱਝ ਸਕੇ | ਪਰਵਾਸੀ ਕਹਾਣੀਕਾਰਾ ਗੁਰਮੀਤ ਪਨਾਗ ਨੇ ਆਪਣੇ ਪਰਵਾਸ ਦੇ ਤਜ਼ਰਬਿਆਂ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਪਰਵਾਸੀ ਮਹਿਲਾ ਦੋ ਸਭਿਆਚਾਰਾਂ ਦੇ ਦਰਮਿਆਨ ਆਪਣੀ ਪਛਾਣ ਅਤੇ ਸਪੇਸ ਸਿਰਜਣ ਲਈ ਨਿਰੰਤਰ ਸੰਘਰਸ਼ ਕਰਦੀ ਹੈ | ਇਸ ਮੌਕੇ ਜਗਤਾਰ ਸਿੰਘ ਜੋਗ, ਅਮਨਦੀਪ ਕੌਰ ਮੋਗਾ ਅਤੇ ਸਹਿਜਪ੍ਰੀਤ ਕੌਰ ਵੀ ਨਾਰੀ ਵਿਸ਼ਿਆਂ ਨਾਲ ਸੰਬੰਧਿਤ ਕਵਿਤਾਵਾਂ ਨਾਲ ਸ੍ਰੋਤਿਆਂ ਦੇ ਰੂ-ਬ-ਰੂ ਹੋਏ | ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਵਿਚਾਰ ਚਰਚਾ 'ਚ ਕਰਮਜੀਤ ਕੌਰ, ਗੁਰਚਰਨ ਸਿੰਘ, ਸੁਰਮੁੱਖ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ ਅਤੇ ਸਟੈਨੋਗ੍ਰਾਫ਼ੀ ਦੇ ਸਿਖਿਆਰਥੀ ਵੀ ਸ਼ਾਮਿਲ ਹੋਏ |