ਪੰਚਕੂਲਾ, 10 ਮਾਰਚ (ਕਪਿਲ)-ਹਰਿਆਣਾ ਦੇ ਸਰਕਾਰੀ ਵਿਭਾਗਾਂ ਦੇ 590 ਕਰੋੜ ਦੇ ਗਬਨ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ | ਇਸ ਮਾਮਲੇ 'ਚ ਮੁਲਜ਼ਮ ਪਿ੍ਯੰਕਾ ਅਤੇ ਅਨੁਜ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ | ਐਂਟੀ ਕ੍ਰਪਸ਼ਨ ਬਿਊਰੋ ਵਲੋਂ ਇਸ ਮਾਮਲੇ 'ਚ ਦੋ ਹੋਰ ਮੁਲਜ਼ਮਾਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ 'ਚ ਇਕ ਮਹਿਲਾ ਅਤੇ ਇਕ ਪੁਰਸ਼ ਸ਼ਾਮਿਲ ਹੈ | ਇਸ ਤੋਂ ਪਹਿਲਾਂ ਗਿ੍ਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਸਮੇਤ ਨਵੇਂ ਮੁਲਜ਼ਮਾਂ ਨੂੰ ਵੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਪੇਸ਼ ਕਰਨ ਤੋਂ ਬਾਅਦ ਉਥੋਂ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ | ਐਂਟੀ ਕ੍ਰਪਸ਼ਨ ਬਿਊਰੋ ਵਲੋਂ ਹੁਣ ਤੱਕ ਇਸ ਮਾਮਲੇ 'ਚ 10 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਜਾਣਕਾਰੀ ਅਨੁਸਾਰ ਪਿ੍ਯੰਕਾ ਆਈ. ਡੀ. ਐਫ. ਸੀ. ਬੈਂਕ ਦੀ ਮੌਜੂਦਾ ਕਰਮਚਾਰੀ ਹੈ, ਜਦਕਿ ਅਨੁਜ ਬੈਂਕ ਦਾ ਸਾਬਕਾ ਕਰਮਚਾਰੀ ਹੈ | ਮੁਲਜ਼ਮ ਸੀਮਾ ਧੀਮਾਨ ਅਤੇ ਅਰੁਣ ਸ਼ਰਮਾ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਅਤੇ ਮੁਲਜ਼ਮ ਪਿ੍ਯੰਕਾ ਤੇ ਅਨੁਜ ਸ਼ਰਮਾ ਤੋਂ ਇਕ ਦਿਨ ਦੇ ਪੁਲਿਸ ਰਿਮਾਂਡ ਦੌਰਾਨ ਐਂਟੀ ਕ੍ਰਪਸ਼ਨ ਬਿਊਰੋ ਵਲੋਂ ਪੁੱਛਗਿੱਛ ਕੀਤੀ ਜਾਵੇਗੀ | ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ 590 ਕਰੋੜ ਦੇ ਗਬਨ ਮਾਮਲੇ 'ਚ ਐਂਟੀ ਕ੍ਰਪਸ਼ਨ ਬਿਊਰੋ ਵਲੋਂ ਲਗਾਤਾਰ ਗਿ੍ਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਤੱਕ ਇਸ ਮਾਮਲੇ 'ਚ 10 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਜ਼ਿਕਰਯੋਗ ਹੈ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਕਰੋੜਾਂ ਰੁਪਏ ਦੇ ਗਬਨ ਦਾ ਮਾਮਲਾ ਐਂਟੀ ਕ੍ਰਪਸ਼ਨ ਬਿਊਰੋ ਵਲੋਂ ਦਰਜ ਕੀਤਾ ਗਿਆ ਸੀ ਅਤੇ ਹੌਲੀ-ਹੌਲੀ ਜਾਂਚ ਅੱਗੇ ਵੱਧ ਰਹੀ ਹੈ | ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ ਅਤੇ ਐਂਟੀ ਕ੍ਰਪਸ਼ਨ ਬਿਊਰੋ ਵਲੋਂ ਜਲਦੀ ਹੀ ਹੋਰ ਗਿ੍ਫ਼ਤਾਰੀਆਂ ਕੀਤੀਆਂ ਜਾ ਸਕਦੀਆਂ ਹਨ |