ਖਰੜ, 11 ਮਾਰਚ (ਜੰਡਪੁਰੀ)-ਖਰੜ ਦੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਸ਼ਿਵਜੋਤ ਇਨਕਲੇਵ ਨੇੜੇ ਸਥਿਤ ਗੁਰਮੁੱਖ ਆਟਾ ਚੱਕੀ 'ਚੋਂ ਤਿੰਨ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਅੱਧੀ ਰਾਤ ਦਾਖ਼ਲ ਹੋ ਕੇ ਗੱਲੇ 'ਚੋਂ ਪੈਸੇ ਚੋਰੀ ਕਰ ਲਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਟਾ ਚੱਕੀ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਵੇਲੇ ਤਿੰਨ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਲਪੇਟੇ ਹੋਏ ਸਨ ਤੇ ਹਥਿਆਰ ਚੁੱਕੇ ਹੋਏ ਸਨ, ਉਨ੍ਹਾਂ ਦੀ ਆਟਾ ਚੱਕੀ ਦੇ ਇਕ ਕਮਰੇ 'ਚ ਦਾਖ਼ਲ ਹੋਏ, ਜਿਥੇ ਕਿ ਉਨ੍ਹਾਂ ਦਾ ਨੌਕਰ ਪਿਆ ਸੀ | ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਚੱਕੀ 'ਚ ਪਏ ਗੱਲੇ ਦਾ ਤਾਲਾ ਤੋੜ ਕੇ ਉਸ 'ਚ ਪਈ ਥੋੜੀ ਬਹੁਤੀ ਰਾਸ਼ੀ ਸਮੇਤ ਇਕ ਡੱਬੀ 'ਚ ਪਏ 10 ਤੇ 20 ਰੁ. ਦੇ ਸਿੱਕੇ ਤੇ ਕੁਝ ਪੁਰਾਣੇ ਫੱਟੇ ਹੋਏ ਨੋਟ, ਚੋਰੀ ਕਰਕੇ ਲਏ | ਇਸ ਤੋਂ ਬਾਅਦ ਚੋਰ ਖਾਲੀ ਡੱਬੀਆਂ ਬਾਹਰ ਸੁੱਟ ਗਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਟਾ ਚੱਕੀ 'ਚ ਪਹਿਲਾਂ ਵੀ ਦੋ ਵਾਰੀ ਚੋਰੀ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਦੌਰਾਨ ਨੌਕਰ ਦਾ ਬਚਾਅ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ |