ਚੰਡੀਗੜ੍ਹ, 27 ਮਾਰਚ (ਸੰਦੀਪ ਕੁਮਾਰ ਮਾਹਨਾ)-ਵੀਰਵਾਰ ਦੀ ਸਵੇਰ ਨੂੰ ਹਲਕੀ ਬੰੂਦਾ-ਬਾਂਦੀ ਨਾਲ ਸ਼ੁਰੂ ਹੋਇਆ ਦਿਨ ਜਦੋਂ ਅੱਗੇ ਵਧਿਆ ਤਾਂ ਸਿਟੀ ਬਿਊਟੀਫੁਲ ਚੰਡੀਗੜ੍ਹ ਦਾ ਅਸਮਾਨ ਇਕ ਰੰਗਮੰਚ ਬਣ ਗਿਆ | ਲੋਕ ਹੌਲੀ-ਹੌਲੀ ਸੁਖਨਾ ਲੇਕ ਵੱਲ ਰੁਖ ਕਰ ਰਹੇ ਸਨ ਅਤੇ ਕੁਝ ਹੀ ਪਲਾਂ 'ਚ ਅਸਮਾਨ 'ਚ ਗੂੰਜਦੀ ਗੜਗੜਾਹਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ | ਮੌਕਾ ਸੀ ਭਾਰਤੀ ਹਵਾਈ ਫ਼ੌਜ ਦੀ ਸੂਰਜਕਿਰਨ ਐਰੋਬੈਟਿਕ ਟੀਮ ਦੇ 'ਸੁਰਯਾਕਿਰਨ ਐਰੋਬੈਟਿਕ ਡਿਸਪਲੇ' ਨੇ ਹਜ਼ਾਰਾਂ ਦਰਸ਼ਕਾਂ ਦਾ ਮਨਮੋਹ ਲਿਆ | ਅਸਮਾਨ 'ਚ ਸ਼ਾਨਦਾਰ ਕਲਾਬਾਜ਼ੀਆਂ, ਤਾਲਮੇਲ ਵਾਲੇ ਕਰਤੱਬਾਂ ਤੇ ਰੰਗ-ਬਰੰਗੇ ਧੂੰਏਾ ਦੀਆਂ ਲਕੀਰਾਂ ਨੇ ਅਜਿਹਾ ਦਿ੍ਸ਼ ਪੇਸ਼ ਕੀਤਾ, ਜਿਸ ਨੇ ਦਰਸ਼ਕਾਂ ਨੂੰ ਰੁਮਾਂਚਿਤ ਕਰ ਦਿੱਤਾ ਤੇ ਉਨ੍ਹਾਂ 'ਚ ਦੇਸ਼ਭਗਤੀ ਦਾ ਜਜ਼ਬਾ ਭਰ ਦਿੱਤਾ | ਹਵਾਈ ਫ਼ੌਜ ਦੇ ਜਹਾਜ਼ਾਂ ਨੇ ਅਸਮਾਨ 'ਚ ਡਾਇਮੰਡ ਫਾਰਮੇਸ਼ਨ, ਅੰਗਰੇਜ਼ੀ ਅੱਖਰ 'ਏ' ਤੇ ਤਿਰੰਗੇ ਦੀ ਕਲਾਕ੍ਰਿਤੀਆਂ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਇਸ ਤੋਂ ਇਲਾਵਾ ਟੀਮ ਵਲੋਂ ਤੇਜਸ ਅਤੇ ਯੁਵਾ ਫਾਰਮੇਸ਼ਨ, ਬੈਰਲ ਰੋਲ, ਹਾਈ ਸਪੀਡ ਕਰਾਸ, ਡੀ. ਐੱਨ. ਏ. (ਡੀਐਨਏ), ਹਾਰਟ ਤੇ ਲੂਪ ਵਰਗੇ ਅਦਭੁਤ ਕਰਤੱਬਾਂ ਦਾ ਪ੍ਰਦਰਸ਼ਨ ਕੀਤਾ, ਜੋ ਉਨ੍ਹਾਂ ਦੇ ਬੇਮਿਸਾਲ ਤਾਲਮੇਲ ਤੇ ਉਡਾਣ ਕੌਸ਼ਲ ਦਾ ਪ੍ਰਤੀਕ ਸਨ | ਤਿਰੰਗੇ ਰੰਗਾਂ ਨਾਲ ਸਜੀਆਂ ਧੂੰਏਾ ਦੀਆਂ ਲਹਿਰਾਂ ਨੇ ਚੰਡੀਗੜ੍ਹ ਦੇ ਅਸਮਾਨ ਨੂੰ ਦੇਸ਼ ਭਗਤੀ ਦੇ ਰੰਗਾਂ ਨਾਲ ਰੰਗ ਦਿੱਤਾ ਅਤੇ ਦਰਸ਼ਕਾਂ ਨੇ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕੀਤਾ | ਫਾਰਮੇਸ਼ਨ ਲੀਡਰ ਵਲੋਂ ਰੇਡੀਓ ਰਾਹੀਂ 'ਬਲੂ ਸਕਾਈ ਤੇ ਹੈਪੀ ਲੈਂਡਿੰਗਸ' ਦਾ ਸੰਦੇਸ਼ ਵੀ ਟ੍ਰਾਇਸਿਟੀ ਦੇ ਲੋਕਾਂ ਲਈ ਪ੍ਰਸਾਰਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਹਾਜ਼ਰੀ ਭਰੀ | ਉਨ੍ਹਾਂ ਨੇ ਭਾਰਤੀ ਹਵਾਈ ਫ਼ੌਜ ਦੀ ਸਮਰੱਥਾ, ਅਨੁਸ਼ਾਸਨ ਤੇ ਸਮਰਪਣ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਤੇ ਦੇਸ਼ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਨੇ ਇਸ ਵਿਸ਼ਾਲ ਪ੍ਰੋਗਰਾਮ 'ਚ ਯੋਗਦਾਨ ਪਾਉਣ ਵਾਲੇ ਸਾਰੇ ਵਿਭਾਗਾਂ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ | ਸੁਰੱਖਿਆ ਦੇ ਮੱਦੇਨਜ਼ਰ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ਼) ਦੀਆਂ ਟੀਮਾਂ ਤਾਇਨਾਤ ਰਹੀਆਂ ਤੇ ਹਰ ਗਤੀਵਿਧੀ 'ਤੇ ਨਿਗਰਾਨੀ ਰੱਖੀ ਗਈ | ਟ੍ਰੈਫਿਕ ਪ੍ਰਬੰਧਾਂ ਹੇਠ ਸੁਖਨਾ ਝੀਲ ਅਤੇ ਆਸ-ਪਾਸ ਦੇ ਖੇਤਰਾਂ ਵਿਚ ਨਿੱਜੀ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ ਲਗਾਈ ਗਈ ਅਤੇ ਦਰਸ਼ਕਾਂ ਲਈ ਖਾਸ ਬੱਸ ਸੇਵਾ ਦਾ ਪ੍ਰਬੰਧ ਕੀਤਾ | ਚੰਡੀਗੜ੍ਹ ਏਅਰ ਸ਼ੋਅ 2026 ਸ਼ਹਿਰ ਦੀ ਜੀਵੰਤ ਭਾਵਨਾ ਤੇ ਹਥਿਆਰਬੰਦ ਬਲਾਂ ਪ੍ਰਤੀ ਉਸ ਦੇ ਸਤਿਕਾਰ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਹੈ, ਜੋ ਹਰ ਦਰਸ਼ਕ ਲਈ ਇਕ ਅਭੁੱਲ ਤਜਰਬਾ ਸਾਬਤ ਹੋ ਰਿਹਾ ਹੈ | ਇਹ ਸਿਲਸਿਲਾ ਸਨਿਚਰਵਾਰ ਨੂੰ ਵੀ ਜਾਰੀ ਰਹੇਗਾ, ਜਿਸ 'ਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਯੂ. ਟੀ. ਪ੍ਰਸ਼ਾਸਨ ਵਲੋਂ ਨਾਗਰਿਕਾਂ ਨੂੰ ਮੁੜ ਇਸ ਦਿਲਕਸ਼ ਏਅਰ ਸ਼ੋਅ ਦਾ ਅਨੰਦ ਲੈਣ ਲਈ ਸੱਦਾ ਦਿੱਤਾ ਗਿਆ ਹੈ |