ਡੇਰਾਬੱਸੀ, 4 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ-ਗੁਲਾਬਗੜ੍ਹ ਰੋਡ 'ਤੇ ਲੱਗਣ ਵਾਲੀ ਸੋਮਵਾਰ ਮੰਡੀ ਨੂੰ ਲੈ ਕੇ ਵਿਵਾਦ ਹੁਣ ਫ਼ੈਸਲਾਕੁੰਨ ਮੋੜ 'ਤੇ ਪਹੁੰਚ ਗਿਆ ਹੈ | ਪਿਛਲੇ ਹਫ਼ਤੇ ਦਿੱਤਾ ਗਿਆ 31 ਮਾਰਚ ਦਾ ਅਲਟੀਮੇਟਮ ਖ਼ਤਮ ਹੋਣ ਤੋਂ ਬਾਅਦ ਇਲਾਕਾ ਵਾਸੀਆਂ ਨੇ ਭਲਕੇ (ਸੋਮਵਾਰ) ਲੱਗਣ ਵਾਲੀ ਮੰਡੀ ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣ ਲਈ ਰਣਨੀਤੀ ਤਿਆਰ ਕਰ ਲਈ ਹੈ | ਕਾਲੋਨੀ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਪ੍ਰਬੰਧਕਾਂ ਨੇ ਵਾਅਦੇ ਮੁਤਾਬਿਕ ਮੰਡੀ ਨਾ ਹਟਾਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ | ਜ਼ਿਕਰਯੋਗ ਹੈ ਕਿ 23 ਮਾਰਚ ਨੂੰ ਸਥਾਨਕ ਵਸਨੀਕਾਂ ਨੇ ਮੰਡੀ ਕਾਰਨ ਫੈਲਦੀ ਗੰਦਗੀ, ਲੱਗਦੇ ਭਾਰੀ ਜਾਮ ਅਤੇ ਸੁਰੱਖਿਆ ਖ਼ਤਰਿਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ | ਉਸ ਸਮੇਂ ਧਾਰਮਿਕ ਸੰਸਥਾ ਦੇ ਪ੍ਰਬੰਧਕਾਂ ਨੇ ਜ਼ੁਬਾਨੀ ਭਰੋਸਾ ਦਿੱਤਾ ਸੀ ਕਿ 31 ਮਾਰਚ ਤੋਂ ਬਾਅਦ ਇਥੇ ਮੰਡੀ ਨਹੀਂ ਲਗਾਈ ਜਾਵੇਗੀ | ਹੁਣ ਜਦੋਂ ਇਹ ਮਿਆਦ ਪੂਰੀ ਹੋ ਚੁੱਕੀ ਹੈ ਤਾਂ ਲੋਕਾਂ ਨੇ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਵਾਅਦੇ 'ਤੇ ਕਾਇਮ ਰਹਿਣ | ਕਾਲੋਨੀ ਵਾਸੀਆਂ ਅਨੁਸਾਰ ਭਲਕੇ ਸਵੇਰੇ 5 ਵਜੇ ਤੋਂ ਹੀ ਉਹ ਮੰਡੀ ਦੇ ਮੁੱਖ ਗੇਟ 'ਤੇ ਤਾਇਨਾਤ ਹਤੋ ਜਾਣਗੇ ਤਾਂ ਜੋ ਕਿਸੇ ਵੀ ਰੇਹੜੀ-ਫੜ੍ਹੀ ਵਾਲੇ ਨੂੰ ਅੰਦਰ ਨਾ ਵੜ੍ਹਨ ਦਿੱਤਾ ਜਾਵੇ |