ਜ਼ੀਰਕਪੁਰ, 4 ਅਪ੍ਰੈਲ (ਮਨਿੰਦਰ ਸਿੰਘ)-ਸ਼ਹਿਰ 'ਚ ਟ੍ਰੈਫ਼ਿਕ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਕੁਝ ਲੋਕ ਹਾਲੇ ਵੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਨਹੀਂ ਟਲ ਰਹੇ | ਸਨਿਚਰਵਾਰ ਬਾਅਦ ਦੁਪਹਿਰ ਟ੍ਰੈਫ਼ਿਕ ਪੁਲਿਸ ਜ਼ੀਰਕਪੁਰ ਵਲੋਂ ਇਕ ਓਵਰਲੈਂਥ ਆਟੋ ਦਾ 20 ਹਜ਼ਾਰ ਰੁ. ਦਾ ਚਲਾਨ ਕੱਟਿਆ ਗਿਆ | ਇਸ ਦੌਰਾਨ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਬਿਨਾਂ ਮਨਜ਼ੂਰੀ ਤੋਂ ਸੜਕ ਬਣਾ ਰਹੀ ਜੀ. ਕੇ. ਪੀ. ਸੀ. ਐਲ. ਕੰਪਨੀ ਦਾ ਟਿੱਪਰ ਜ਼ਬਤ ਕਰਕੇ ਚਲਾਨ ਕੱਟਿਆ ਗਿਆ | ਇਸ ਸੰਬੰਧੀ ਟ੍ਰੈਫ਼ਿਕ ਇੰਚਾਰਜ ਜ਼ੀਰਕਪੁਰ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ ਚੰਡੀਗੜ੍ਹ-ਅੰਬਾਲਾ ਹਾਈਵੇਅ 'ਤੇ ਇਕ ਆਟੋ ਨੂੰ ਰੋਕਿਆ ਗਿਆ, ਜਿਸ 'ਤੇ ਓਵਰਲੈਂਥ ਪਾਈਪ ਲੱਦੇ ਹੋਏ ਸਨ, ਜੋ ਕਿ ਰਾਹਗੀਰਾਂ ਲਈ ਖ਼ਤਰਾ ਪੈਦਾ ਕਰ ਰਹੇ ਸਨ | ਇਸ ਲਈ ਉਸ ਨੂੰ ਰੋਕ ਕੇ 20 ਹਜ਼ਾਰ ਰੁ. ਦਾ ਚਲਾਨ ਕੱਟਿਆ ਗਿਆ | ਇਸੇ ਤਰ੍ਹਾਂ ਮੈਟਰੋ ਕੋਲ ਬਿਨਾਂ ਆਗਿਆ ਸੜਕ ਬਣਾ ਰਹੀ ਕੰਪਨੀ ਦੇ ਇਕ ਟਿੱਪਰ ਕਾਰਨ ਮੁੱਖ ਮਾਰਗ 'ਤੇ 3 ਕਿੱਲੋਮੀਟਰ ਲੰਬਾ ਜਾਮ ਲੱਗ ਗਿਆ | ਜਾਮ 'ਚ ਐਮਰਜੈਂਸੀ ਸੇਵਾਵਾਂ ਅਤੇ ਵੀ. ਆਈ. ਪੀ. ਕਾਫ਼ਲੇ ਵੀ ਫਸ ਗਏ, ਜਿਸ ਕਾਰਨ ਕੰਪਨੀ ਦੇ ਟਿੱਪਰ ਨੂੰ ਜ਼ਬਤ ਕਰਕੇ ਉਸ ਦਾ ਚਲਾਨ ਕੱਟਿਆ ਗਿਆ |