ਪੰਚਕੂਲਾ, 5 ਅਪ੍ਰੈਲ (ਕਪਿਲ)-ਪੰਚਕੂਲਾ ਦੇ ਰਾਮਗੜ੍ਹ ਪਿੰਡ ਸਥਿਤ ਸ਼ਿਵ ਮੰਦਰ 'ਚ ਚੋਰੀ ਦੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਚੋਰ ਵਲੋਂ ਦਾਨ ਪੇਟੀ 'ਚੋਂ ਕਰੀਬ 7000 ਰੁ. ਦੀ ਨਕਦੀ ਚੋਰੀ ਕਰ ਲਈ ਗਈ | ਇਹ ਸਾਰੀ ਵਾਰਦਾਤ ਮੰਦਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਨੇ ਮੰਦਰ 'ਚ ਦਾਖਲ ਹੋਣ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰੇ ਵੱਲ ਦੇਖਦਿਆਂ ਪਹਿਲਾਂ ਹੱਥ ਜੋੜੇ ਅਤੇ ਉਸਨੇ ਕੰਨ ਫੜ੍ਹ ਕੇ ਜਿਵੇਂ ਮੁਆਫ਼ੀ ਮੰਗੀ ਹੋਵੇ, ਫਿਰ ਬਾਹਰ ਜਾ ਕੇ ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ | ਇਸ ਤੋਂ ਬਾਅਦ ਉਹ ਵਾਪਸ ਅੰਦਰ ਆਇਆ ਅਤੇ ਦਾਨ ਪੇਟੀ 'ਚੋਂ ਨਕਦ ਰਕਮ ਚੋਰੀ ਕਰਕੇ ਫ਼ਰਾਰ ਹੋ ਗਿਆ | ਇਸ ਸੰਬੰਧੀ ਮੰਦਰ ਕਮੇਟੀ ਦੇ ਮੈਂਬਰ ਕਿ੍ਸ਼ਨ ਪਾਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ | ਇਸ ਸ਼ਿਕਾਇਤ ਦੇ ਆਧਾਰ 'ਤੇ ਚੰਡੀ ਮੰਦਰ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ |