ਡੇਰਾਬੱਸੀ, 6 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਅਦਾਲਤ ਅਤੇ ਤਹਿਸੀਲ ਕੰਪਲੈਕਸ ਵਿਚ ਸੋਮਵਾਰ ਦੁਪਹਿਰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਅਚਾਨਕ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ | ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮੈਜਿਸਟ੍ਰੇਟ, ਤਹਿਸੀਲਦਾਰ, ਸਟਾਫ਼ ਅਤੇ ਆਮ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਕੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ | ਸਵੇਰੇ ਕਰੀਬ 11:30 ਵਜੇ ਧਮਕੀ ਦੀ ਸੂਚਨਾ ਮਿਲਣ ਉਪਰੰਤ ਸਬ-ਇੰਸਪੈਕਟਰ ਕੁਲਵੰਤ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਪੁਲਿਸ ਫੋਰਸ ਨੇ ਕੰਪਲੈਕਸ ਨੂੰ ਘੇਰ ਲਿਆ | ਤਿੰਨ ਦਿਨਾਂ ਦੀਆਂ ਛੁੱਟੀਆਂ ਮਗਰੋਂ ਦਫ਼ਤਰ ਖੁੱਲ੍ਹੇ ਹੋਣ ਕਰਕੇ ਅੱਜ ਆਮ ਨਾਲੋਂ ਜ਼ਿਆਦਾ ਭੀੜ ਸੀ, ਪਰ ਸੁਰੱਖਿਆ ਕਾਰਨਾਂ ਕਰਕੇ ਸਾਰਿਆਂ ਨੂੰ ਬਾਹਰ ਭੇਜ ਕੇ ਮੁੱਖ ਗੇਟ ਬੰਦ ਕਰ ਦਿੱਤਾ ਗਿਆ | ਡਾਗ ਸਕੁਐਡ ਅਤੇ ਫੋਰੈਂਸਿਕ ਟੀਮਾਂ ਨੇ ਤਕਰੀਬਨ ਤਿੰਨ ਘੰਟੇ ਤੱਕ ਚੱਪੇ-ਚੱਪੇ ਦੀ ਤਲਾਸ਼ੀ ਲਈ, ਪਰ ਇਸ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ | ਇਸ ਘਟਨਾ ਕਾਰਨ ਦੁਪਹਿਰ 1:45 ਵਜੇ ਤੋਂ ਬਾਅਦ ਸਾਰੀਆਂ 10 ਅਦਾਲਤਾਂ ਅਤੇ ਸਬ-ਰਜਿਸਟਰਾਰ ਦਫ਼ਤਰ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ | ਇਸ ਸੰਬੰਧੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਧਮਕੀ ਤੋਂ ਬਾਅਦ ਸਾਰੇ ਕੇਸਾਂ ਦੀ ਸੁਣਵਾਈ ਅਗਲੀ ਤਰੀਕ ਲਈ ਟਾਲ ਦਿੱਤੀ ਗਈ ਹੈ | ਇਸ ਦੌਰਾਨ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਦਾਲਤ ਦੇ ਤਿੰਨਾਂ ਰਸਤਿਆਂ 'ਤੇ ਮੈਟਲ ਡਿਟੈਕਟਰ ਲਗਾਏ ਜਾਣ, ਕਿਉਂਕਿ ਮੌਜੂਦਾ ਸਮੇਂ ਸਿਰਫ਼ ਇਕ ਰਸਤੇ 'ਤੇ ਹੀ ਇਹ ਸਹੂਲਤ ਮੌਜੂਦ ਹੈ | ਤਹਿਸੀਲ ਦਫ਼ਤਰ ਵਿਚ ਵੀ ਅੱਜ ਰਜਿਸਟਰੀਆਂ ਲਈ ਕੁੱਲ 43 ਅਪਾਇੰਟਮੈਂਟਾਂ ਸਨ, ਪਰ ਦਹਿਸ਼ਤ ਦੇ ਮਾਹੌਲ ਕਾਰਨ ਸਿਰਫ਼ 8 ਰਜਿਸਟਰੀਆਂ ਹੀ ਹੋ ਸਕੀਆਂ ਅਤੇ ਬਾਕੀ 35 ਨੂੰ ਰੱਦ ਕਰਕੇ ਅੱਗੇ ਪਾ ਦਿੱਤਾ ਗਿਆ |