ਚੰਡੀਗੜ੍ਹ, 6 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਸਾਬਕਾ ਮੰਤਰੀ ਅਤੇ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਡਾ. ਹਰਬੰਸ ਲਾਲ ਵਲੋਂ ਅੱਜ ਪੰਜਾਬ ਦੇ ਕੁਝ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਰਾਜਪਾਲ ਨੂੰ ਇਕ ਮੰਗ ਪੱਤਰ ਵੀ ਦਿੱਤਾ, ਜਿਸ ਵਿਚ ਉਨ੍ਹਾਂ ਵਲੋਂ ਪੰਜਾਬ ਦੇ ਮਜ਼ਦੂਰਾਂ, ਕਿਰਤੀਆਂ, ਕਾਮਿਆਂ ਅਤੇ ਦਿਹਾੜੀਦਾਰਾਂ ਦੇ ਖੁਸ਼ਹਾਲ ਜੀਵਨ ਜਿਊਣ ਨੂੰ ਲੈ ਕੇ ਕੁਝ ਵਿਸ਼ੇਸ਼ ਮੰਗਾਂ ਰਾਜਪਾਲ ਅੱਗੇ ਰੱਖੀਆਂ ਗਈਆਂ | ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਹਰਬੰਸ ਲਾਲ ਨੇ ਕਿਹਾ ਕਿ ਸਾਡੇ ਸੂਬੇ ਅੰਦਰ ਸਾਰੇ ਮਜ਼ਦੂਰਾਂ ਦਾ ਚਾਹੇ ਉਹ ਸ਼ਹਿਰੀ ਮਜ਼ਦੂਰ ਹਨ, ਚਾਹੇ ਪੇਂਡੂ ਖੇਤ ਮਜ਼ਦੂਰ, ਹਰ ਦਿਹਾੜੀਦਾਰ ਮਜ਼ਦੂਰ ਦੀ ਸ਼੍ਰੇਣੀ ਵਿਚ ਆਉਂਦਾ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇਂ ਸਾਰੇ ਕਿਸਾਨਾਂ ਦੇ ਬੈਂਕਾਂ ਵਿਚ ਖਾਤੇ ਹਨ, ਉਸ ਤਰਜ਼ 'ਤੇ ਕਿਰਤੀਆਂ ਮਜ਼ਦੂਰਾਂ ਦੇ ਵੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਰਿਕਾਰਡ ਬਣਾਇਆ ਜਾਵੇ | ਸੂਬੇ ਦੇ ਹਰ ਮਜ਼ਦੂਰ ਦਾ ਵਿਸ਼ੇਸ਼ ਪਹਿਚਾਣ ਕਾਰਡ ਬਣਿਆ ਹੋਵੇ ਅਤੇ ਮਜ਼ਦੂਰ ਦਾ ਬੈਂਕ ਵਿਚ ਖਾਤਾ ਹੋਵੇ ਅਤੇ ਇਸ ਖਾਤੇ ਦੀ ਜਾਣਕਾਰੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਵੀ ਹੋਣੀ ਚਾਹੀਦੀ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸੂਬੇ ਅੰਦਰ ਮਜ਼ਦੂਰਾਂ ਦੀ ਮਜ਼ਦੂਰੀ ਮਹਿੰਗਾਈ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਹਰ ਸਾਲ 1 ਅਪ੍ਰੈਲ ਤੋਂ ਤੈਅ ਕਰਕੇ ਉਸ ਦਾ ਸੂਬੇ ਵਿਚ ਐਲਾਨ ਕਰੇ | ਇਸ ਦੇ ਇਲਾਵਾ ਉਨ੍ਹਾਂ ਕੁਝ ਹੋਰ ਮੰਗਾਂ ਵੀ ਪੰਜਾਬ ਦੇ ਕਿਰਤੀਆਂ ਤੇ ਮਜ਼ਦੂਰਾਂ ਦੇ ਹੱਕ ਵਿਚ ਰਾਜਪਾਲ ਅੱਗੇ ਰੱਖੀਆਂ | ਇਸ ਮੌਕੇ ਉਨ੍ਹਾਂ ਨਾਲ ਚੇਤਨਾ ਮੰਚ ਪੰਜਾਬ ਦੀ ਸੂਬਾ ਦਫਤਰ ਸਕੱਤਰ ਪ੍ਰੀਤੀ ਮਹਾਜਨ, ਮਹਿਲਾ ਵਿੰਗ ਦੀ ਉੱਪ ਪ੍ਰਧਾਨ ਕਿਰਨ ਸ਼ਰਮਾ, ਸੰਦੀਪ ਸਿੰਘ ਲਵਲੀ, ਯੂਥ ਪ੍ਰਧਾਨ ਗੁਰਤੇਜ ਸਿੰਘ, ਅਸ਼ੋਕ ਕੁਮਾਰ, ਗੁਰਦੇਵ ਸਿੰਘ ਅਤੇ ਸਰਦਾਰਾ ਸਿੰਘ ਹਾਜ਼ਰ ਸਨ |