ਖਰੜ, 6 ਅਪ੍ਰੈਲ (ਜੰਡਪੁਰੀ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਅੱਜ-ਕੱਲ੍ਹ ਮੀਡੀਆ 'ਚ 'ਆਪ' ਆਗੂਆਂ ਵਲੋਂ ਰਾਘਵ ਚੱਢਾ ਦੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਤੋਂ ਜੱਗ-ਜ਼ਾਹਿਰ ਹੋ ਚੁੱਕਾ ਹੈ ਕਿ 'ਆਪ' ਦੇ ਆਗੂ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ 'ਆਪ' ਦੀ ਨੀਤੀ 'ਵਰਤੋ ਅਤੇ ਸੁੱਟੋ' ਵਾਲੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕੇਜਰੀਵਾਲ ਨੇ ਅੰਨਾ ਹਜ਼ਾਰੇ ਵਰਗੇ ਇਮਾਨਦਾਰੀ ਅਤੇ ਕਾਬਲੀਅਤ ਦੇ ਪ੍ਰਤੀਕ ਵੱਡੇ ਆਗੂ ਦੇ ਨਾਂਅ ਦੀ ਵਰਤੋਂ ਕਰਕੇ ਆਪਣੀ ਆਮ ਆਦਮੀ ਪਾਰਟੀ ਖੜ੍ਹੀ ਕੀਤੀ ਅਤੇ ਅੱਜ ਅੰਨਾ ਹਜ਼ਾਰੇ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਚੁੱਕਾ ਹੈ ਅਤੇ 'ਆਪ' ਦਾ ਕੋਈ ਆਗੂ ਉਨ੍ਹਾਂ ਦਾ ਨਾਂਅ ਤੱਕ ਨਹੀਂ ਲੈਂਦਾ | ਉਨ੍ਹਾਂ ਕਿਹਾ ਕਿ ਹੁਣ ਇਹੀ ਕੁਝ ਅਰਵਿੰਦ ਕੇਜਰੀਵਾਲ ਵਲੋਂ ਰਾਘਵ ਚੱਢਾ ਨਾਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ 2022 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ 'ਚ ਰਾਘਵ ਚੱਢਾ ਦਾ ਅਹਿਮ ਰੋਲ ਸੀ, ਪ੍ਰੰਤੂ ਅੱਜ 'ਆਪ' ਦਾ ਕੇਡਰ ਦੋਗਲੀ ਨੀਤੀ ਅਪਣਾਉਂਦਿਆਂ ਰਾਘਵ ਚੱਢਾ ਨੂੰ ਵਰਤ ਕੇ ਉਸ 'ਤੇ ਝੂਠੇ ਇਲਜ਼ਾਮ ਲਗਾ ਕੇ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੇਜਰੀਵਾਲ ਐਂਡ ਪਾਰਟੀ ਨੇ ਪੰਜਾਬ ਨੂੰ ਝੂਠੇ ਲਾਰੇ ਲਗਾ ਕੇ ਆਪਣੀ ਸਰਕਾਰ ਬਣਾ ਲਈ, ਪਰ ਅੱਜ ਪੰਜਾਬ ਦਾ ਬੁਰਾ ਹਾਲ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਦੋਗਲੀ ਨੀਤੀ ਵਾਲੀ ਗ਼ੈਰ-ਤਜ਼ਰਬੇਕਾਰ ਸਰਕਾਰ ਤੋਂ ਪਿੱਛਾ ਛੁਡਾਉਣ ਲਈ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ |