ਖਰੜ, 6 ਅਪ੍ਰੈਲ (ਜੰਡਪੁਰੀ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਬਲਿਆਲੀ ਦੀ ਅਗਵਾਈ ਹੇਠ ਡਾਇਰੈਕਟਰ ਦੇ ਨਾਂਅ 'ਤੇ ਸੀ. ਡੀ. ਪੀ. ਓ. ਨੂੰ ਮੰਗ-ਪੱਤਰ ਸੌਂਪਿਆ ਗਿਆ | ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਜੋ ਮੋਬਾਈਲ ਫ਼ੋਨ ਪੋਸ਼ਣ ਅਭਿਆਨ ਫੰਡਾਂ 'ਚੋਂ ਆਂਗਣਵਾੜੀ ਵਰਕਰਾਂ ਲਈ ਖ਼ਰੀਦੇ ਹਨ, ਉਹ ਫ਼ੋਨ ਆਂਗਣਵਾੜੀ ਵਰਕਰਾਂ ਨੂੰ ਹੀ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਜੇਕਰ ਇਹ ਫ਼ੋਨ ਆਂਗਣਵਾੜੀ ਵਰਕਰਾਂ ਨੂੰ ਨਾ ਦਿੱਤੇ ਗਏ ਤਾਂ ਆਂਗਣਵਾੜੀ ਵਰਕਰਾਂ ਆਪਣੇ ਨਿੱਜੀ ਫ਼ੋਨ ਤੋਂ ਸਰਕਾਰ ਦੀ 'ਮਾਵਾਂ-ਧੀਆਂ ਸਤਿਕਾਰ' ਯੋਜਨਾ 'ਚ ਲਾਭਪਾਤਰੀ ਰਜਿਸਟਰ ਨਹੀਂ ਕਰਨਗੀਆਂ ਕਿਉਂਕਿ ਉਹ ਪਹਿਲਾਂ ਹੀ ਆਪਣੇ ਫ਼ੋਨਾਂ ਤੋਂ ਪੋਸ਼ਣ ਅਭਿਆਨ ਦਾ ਕੰਮ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ਤੋਂ ਆਂਗਣਵਾੜੀ ਵਰਕਰਾਂ/ਹੈਲਪਰਾਂ ਫ਼ੋਨਾਂ ਦੀ ਉਡੀਕ ਕਰ ਰਹੀਆਂ ਹਨ, ਜਦਕਿ ਹੋਰਨਾਂ ਰਾਜਾਂ 'ਚ ਆਂਗਣਵਾੜੀ ਵਰਕਰਾਂ ਨੂੰ ਦੋ-ਦੋ ਵਾਰੀ ਮੋਬਾਈਲ ਫ਼ੋਨ ਦਿੱਤੇ ਜਾ ਚੁੱਕੇ ਹਨ, ਪ੍ਰੰਤੂ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਆਪਣੇ ਨਿੱਜੀ ਫ਼ੋਨਾਂ ਤੋਂ ਕੰਮ ਕਰਨ ਲਈ ਮਜ਼ਬੂਰ ਕਰ ਰਹੀ ਹੈ, ਜਿਸ ਦਾ ਜਥੇਬੰਦੀ ਸਖ਼ਤ ਵਿਰੋਧ ਕਰਦੀ ਹੈ | ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਇਕ ਲਾਭਪਾਤਰੀ ਨੂੰ ਰਜਿਸਟਰ ਕਰਨ ਲਈ ਘੱਟ ਤੋਂ ਘੱਟ ਇਕ ਆਂਗਣਵਾੜੀ ਵਰਕਰ ਨੂੰ 100 ਅਤੇ ਹੈਲਪਰ ਨੂੰ 50 ਰੁ. ਦਿੱਤੇ ਜਾਣ, ਜਦਕਿ ਪ੍ਰਧਾਨ ਮੰਤਰੀ ਮਾਤਰਤਵੰਦਨਾ ਯੋਜਨਾ 'ਚ ਇਕ ਲਾਭਪਾਤਰੀ ਦੇ ਆਂਗਣਵਾੜੀ ਵਰਕਰ ਨੂੰ 200 ਰੁ. ਅਤੇ ਹੈਲਪਰ ਨੂੰ 100 ਰੁ. ਦਿੱਤੇ ਜਾਂਦੇ ਹਨ ਤਾਂ ਫਿਰ ਪੰਜਾਬ ਸਰਕਾਰ ਸਿਰਫ 25 ਰੁ. ਦੇ ਕੇ ਕੰਮ ਲੈਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ | ਮੰਗ-ਪੱਤਰ ਸੌਂਪਣ ਮੌਕੇ ਅਕਵਿੰਦਰ ਕੌਰ ਖਰੜ, ਰੀਨਾ ਬਲੌਂਗੀ ਤੇ ਮਨਜੀਤ ਕੌਰ ਛੱਜੂਮਾਜਰਾ ਆਦਿ ਵੀ ਹਾਜ਼ਰ ਸਨ |