ਐੱਸ. ਏ. ਐੱਸ. ਨਗਰ, 6 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਸਥਾਨਕ ਸੈਕਟਰ-71 ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਉਪਰੰਤ ਰਾਗੀ ਸਿੰਘਾਂ ਵਲੋਂ ਆਈਆਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਸਮਾਗਮ 'ਚ ਮੁਹਾਲੀ ਨਾਲ ਸੰਬੰਧਿਤ ਬਹੁ-ਗਿਣਤੀ ਸੇਵਾ-ਮੁਕਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਾਜ਼ਰੀ ਲੁਆਈ | ਇਹ ਜਾਣਕਾਰੀ ਸਾਂਝੀ ਕਰਦਿਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਇਕਾਈ ਦੇ ਜਨਰਲ ਸਕੱਤਰ ਮਹਿੰਦਰ ਸਿੰਘ (ਸੇਵਾ-ਮੁਕਤ ਇੰਸਪੈਕਟਰ) ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸੰਬੰਧਿਤ ਪੁਲਿਸ ਵਿਭਾਗ ਦੇ ਸਾਬਕਾ ਮੁਲਾਜ਼ਮਾਂ ਅਤੇ ਮੌਜੂਦਾ ਸਮੇਂ 'ਚ ਨੌਕਰੀ ਕਰ ਰਹੇ ਪੁਲਿਸ ਮੁਲਾਜ਼ਮਾਂ ਦੀ ਸੁੱਖ-ਸ਼ਾਂਤੀ ਤੇ ਸਿਹਤਯਾਬੀ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਜਥੇਬੰਦੀ ਦੇ ਆਗੂ ਇਕਬਾਲ ਸਿੰਘ (ਸੇਵਾ-ਮੁਕਤ ਇੰਸਪੈਕਟਰ) ਦੀ ਅਗਵਾਈ ਹੇਠ 'ਮੇਰਾ ਵੈਦ ਗੁਰੂ ਗੋਵਿੰਦਾ ਸੁਸਾਇਟੀ ਮੁਹਾਲੀ' ਦੇ ਸਹਿਯੋਗ ਨਾਲ ਡਾ. ਬਲਜਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਵੀ ਲਗਾਇਆ ਗਿਆ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਜਿਥੇ ਵੱਡੀ ਗਿਣਤੀ ਸੇਵਾ-ਮੁਕਤ ਮੁਲਾਜ਼ਮਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਉਥੇ ਹੀ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸੇਵਾ-ਮੁਕਤ ਪੁਲਿਸ ਅਧਿਕਾਰੀ ਜਗਦੀਸ਼ ਸਿੰਘ ਕਾਹਲੋਂ ਐਸ. ਪੀ. ਰੋਪੜ, ਸਵਰਨ ਸਿੰਘ ਮੌਲੀ ਡੀ. ਐਸ. ਪੀ., ਜੀ. ਪੀ. ਸਿੰਘ, ਸਤਨਾਮ ਸਿੰਘ ਖਰੜ, ਸ਼ਵਿੰਦਰ ਕੁਮਾਰ, ਸੋਹਣ ਸਿੰਘ ਸੰਧੂ, ਜੋਬਨ ਸਿੰਘ ਇੰਸਪੈਕਟਰ, ਮਹਿੰਦਰ ਸਿੰਘ ਭਾਂਖਰਪੁਰ, ਮਨਮੋਹਨ ਸਿੰਘ ਕਾਹਲੋਂ, ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਅਤੇ ਐਡਵੋਕੇਟ ਜਸਪਾਲ ਸਿੰਘ ਦੱਪਰ ਤੇ ਸਾਬਕਾ ਡੀ. ਏ. ਐੱਚ. ਐੱਸ. ਰੱਕੜ ਅਤੇ ਜ਼ਿਲ੍ਹਾ ਪੁਲਿਸ ਮੁਹਾਲੀ ਵਲੋਂ ਆਏ ਡੀ. ਐਸ. ਪੀ. ਅਜੀਤਪਾਲ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸੇ ਦੌਰਾਨ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਮਾਵੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ, ਇੰਸਪੈਕਟਰ ਅਜੀਤ ਸਿੰਘ ਤੇ ਚਮਕੌਰ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ 'ਚ ਪੁਲਿਸ ਦੇ ਸੇਵਾ-ਮੁਕਤ ਆਈ. ਜੀ. ਅਤੇ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਹਰਦਿਆਲ ਸਿੰਘ ਮਾਨ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲੁਆਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਮਲਕਪੁਰ, ਦਲਜੀਤ ਸਿੰਘ ਕੈਲੋਂ, ਰਣਜੀਤ ਸਿੰਘ ਚੰਡੀਗੜ੍ਹ ਪੁਲਿਸ, ਹਰਭਿੰਦਰ ਕੁਮਾਰ, ਮਹਿੰਦਰ ਸਿੰਘ ਸਾਬਕਾ ਪ੍ਰਧਾਨ, ਜਸਮੇਰ ਸਿੰਘ ਮੌਜਪੁਰ, ਬਹਾਦਰ ਸਿੰਘ ਭਾਗੋਮਾਜਰਾ, ਸੁਖਜਿੰਦਰ ਸਿੰਘ ਦੇਸੂਮਾਜਰਾ, ਸਰਬਜੀਤ ਸਿੰਘ ਮੌਲੀ, ਦਲਜੀਤ ਸਿੰਘ ਰੀਡਰ, ਕੁਲਬੀਰ ਸਿੰਘ ਕੰਗ, ਜਸਵੀਰ ਸਿੰਘ ਕੋਟਲਾ (ਸਾਰੇ ਸੇਵਾ-ਮੁਕਤ ਇੰਸਪੈਕਟਰ), ਰਣਬੀਰ ਕੌਰ ਸੇਵਾ-ਮੁਕਤ ਸੁਪਰਡੈਂਟ, ਮਹਿੰਦਰ ਕੌਰ ਸੇਵਾ-ਮੁਕਤ ਡੀ. ਐਸ. ਪੀ. ਅਤੇ ਦਰਸ਼ਨ ਕੁਮਾਰ ਬੱਗਾ ਪ੍ਰਧਾਨ ਚੰਡੀਗੜ੍ਹ ਇਕਾਈ ਵੀ ਹਾਜ਼ਰ ਸਨ |